ਮਾਨਸਾ: ਵਿਸ਼ਵ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਕਾਰਨ ਭਾਰਤ ਵਿੱਚ ਵੀ ਪਿਛਲੇ ਦੋ ਮਹੀਨੇ ਤੋਂ ਲੌਕਡਾਊਨ ਜਾਰੀ ਹੈ ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਕਰਫ਼ਿਊ ਲਗਾਇਆ ਗਿਆ ਸੀ ਜਿਸ ਤੋਂ ਬਾਅਦ 20 ਮਈ ਤੋਂ ਪੰਜਾਬ ਵਿੱਚ ਬੱਸ ਸੇਵਾ ਤਾਂ ਸ਼ੁਰੂ ਕਰ ਦਿੱਤੀ ਗਈ ਪਰ ਬੱਸ ਸਟੈਂਡ ਉੱਤੇ ਕੰਮ ਕਰਨ ਵਾਲੇ ਮੋਚੀਆਂ ਦਾ ਕੰਮ ਅਜੇ ਵੀ ਠੱਪ ਹੈ।
ਮੋਚੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਨਾ ਤਾਂ ਉਨ੍ਹਾਂ ਦੇ ਲਈ ਕੋਈ ਰਾਹਤ ਪੈਕੇਜ ਜਾਰੀ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਲੌਕਡਾਊਨ ਦੇ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ।
ਮਾਨਸਾ ਦੇ ਬੱਸ ਸਟੈਂਡ ਉੱਤੇ 35 ਸਾਲ ਤੋਂ ਕੰਮ ਕਰ ਰਹੇ ਮੋਚੀ ਰਾਜ ਕੁਮਾਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਾਰਨ ਲਗਾਏ ਕਰਫ਼ਿਊ ਨਾਲ ਉਨ੍ਹਾਂ ਦਾ ਕੰਮਕਾਜ ਬਿਲਕੁਲ ਠੱਪ ਹੋ ਗਿਆ ਹੈ, ਬੇਸ਼ੱਕ ਸਰਕਾਰ ਨੇ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ ਪਰ ਮੁਸਾਫ਼ਰ ਬੱਸ ਸਟੈਂਡ 'ਤੇ ਨਾ ਆਉਣ ਕਾਰਨ ਉਨ੍ਹਾਂ ਦਾ ਕੰਮ ਅਜੇ ਵੀ ਠੱਪ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਜੋ ਬੱਸਾਂ ਵਿੱਚੋਂ ਮੁਸਾਫ਼ਰ ਆਉਂਦੇ ਸਨ ਉਨ੍ਹਾਂ 'ਚੋਂ ਕੋਈ ਬੂਟ ਪਾਲਿਸ਼ ਕਰਵਾਉਂਦਾ ਜਾਂ ਕੋਈ ਆਪਣੇ ਜੁੱਤਿਆਂ ਦੀ ਮੁਰੰਮਤ ਕਰਵਾ ਲੈਂਦਾ ਸੀ ਜਿਸ ਨਾਲ ਉਨ੍ਹਾਂ ਦੀ ਦਿਹਾੜੀ ਪੈ ਜਾਂਦੀ ਸੀ ਤੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਹੁਣ 2 ਮਹੀਨਿਆਂ ਤੱਕ ਲੱਗੇ ਕਰਫਿਊ ਦੇ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਰਕਾਰ ਵੱਲੋਂ ਨਾ ਤਾਂ ਉਨ੍ਹਾਂ ਨੂੰ ਕੋਈ ਰਾਹਤ ਪੈਕੇਜ ਦਿੱਤਾ ਗਿਆ ਤੇ ਨਾ ਹੀ ਉਨ੍ਹਾਂ ਨੂੰ ਸਰਕਾਰ ਵੱਲੋਂ ਰਾਸ਼ਨ ਮੁਹੱਈਆ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਅਧਿਕਾਰੀ ਤੇ ਐਮਸੀ ਆਉਂਦੇ ਜ਼ਰੂਰ ਸੀ ਪਰ ਉਨ੍ਹਾਂ ਦਾ ਨਾਂਅ ਲਿਖ ਕੇ ਲੈ ਜਾਂਦੇ ਸੀ ਪਰ ਉਨ੍ਹਾਂ ਨੂੰ ਰਾਸ਼ਨ ਵੀ ਮੁਹੱਈਆ ਨਹੀਂ ਹੋਇਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੋਚੀਆਂ ਦੇ ਲਈ ਵੀ ਸਰਕਾਰ ਕੋਈ ਰਾਹਤ ਪੈਕੇਜ ਜਾਰੀ ਕਰੇ ਤਾਂ ਕਿ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਣ।