ਮਾਨਸਾ: ਆਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਮਾਨਸਾ ਵਿਖੇ ਆਵਾਰਾ ਪਸ਼ੂ ਸੰਘਰਸ਼ ਕਮੇਟੀ ਵੱਲੋਂ ਪਿਛਲੇ 17 ਦਿਨਾਂ ਤੋਂ ਲੜੇ ਜਾ ਰਹੇ ਸੰਘਰਸ਼ ਦੇ ਤਹਿਤ ਐਤਵਾਰ ਨੂੰ ਕਮੇਟੀ ਵੱਲੋਂ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਵਿੱਚ ਵੱਖ-ਵੱਖ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੰਘਰਸ਼ ਕਮੇਟੀ ਦੇ ਆਗੂ ਮਨੀਸ਼ ਕੁਮਾਰ ਬੱਬੀ ਨੇ ਕਿਹਾ ਕਿ ਅਮਰੀਕੀ ਨਸਲ ਦੇ ਆਵਾਰਾ ਪਸ਼ੂਆਂ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 'ਤੇ ਉਨ੍ਹਾਂ ਨੇ ਪਿਛਲੇ ਦਿਨੀਂ ਦਬਾਅ ਬਣਾਇਆ ਹੈ ਜਿਸ ਦੇ ਤਹਿਤ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਤੁਰੰਤ ਆਵਾਰਾ ਪਸ਼ੂਆਂ ਦਾ ਹੱਲ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਦੋ ਅਕਤੂਬਰ ਨੂੰ ਸਰਬਦਲੀ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੀ ਇੱਕ ਮੀਟਿੰਗ ਵੀ ਸੱਦੀ ਗਈ ਹੈ ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਤੁਰੰਤ ਇਨ੍ਹਾਂ ਆਵਾਰਾ ਪਸ਼ੂਆਂ ਦਾ ਹੱਲ ਕਰਨ ਦੇ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਇਸ ਮੌਕੇ ਕਿਸਾਨ ਨੇਤਾ ਬੋਘ ਸਿੰਘ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਆਵਾਰਾ ਪਸ਼ੂਆਂ ਦਾ ਹੱਲ ਕਰਨ ਦੇ ਲਈ ਸਰਕਾਰ 'ਤੇ ਦਬਾਅ ਪਾਉਂਦੇ ਆ ਰਹੇ ਹਨ ਪਰ ਉਸ ਸਮੇਂ ਪ੍ਰਸ਼ਾਸਨ ਵੱਲੋਂ ਲਾਰਾ ਲਾਇਆ ਗਿਆ ਸੀ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਧਾਰਮਿਕ ਅੜਚਨਾਂ ਆ ਰਹੀਆਂ ਹਨ ਜਿਸ ਕਾਰਨ ਆਵਾਰਾ ਪਸ਼ੂਆਂ ਦਾ ਹੱਲ ਨਹੀਂ ਹੋ ਰਿਹਾ ਸੀ।
ਉਨ੍ਹਾਂ ਨੇ ਕਿਹਾ ਕਿ ਹੁਣ ਹਿੰਦੂ ਜਥੇਬੰਦੀਆਂ ਵੀ ਆਵਾਰਾ ਪਸ਼ੂਆਂ ਦਾ ਹੱਲ ਕਰਨ ਦੇ ਲਈ ਖੁੱਲ੍ਹ ਕੇ ਸਾਹਮਣੇ ਆ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਤੁਰੰਤ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਇਨ੍ਹਾਂ ਆਵਾਰਾ ਪਸ਼ੂਆਂ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਅਵਾਰਾ ਪਸ਼ੂਆਂ ਕਾਰਨ ਕੋਈ ਘਟਨਾ ਨਾ ਵਾਪਰੇ ਅਤੇ ਕਿਸਾਨਾਂ ਨੂੰ ਵੀ ਰਾਤ ਸਮੇਂ ਆਪਣੀਆਂ ਫਸਲਾਂ ਦੀ ਰਾਖੀ ਨਾ ਕਰਨੀ ਪਵੇ ਕਿਉਂਕਿ ਆਵਾਰਾ ਪਸ਼ੂ ਉਨ੍ਹਾਂ ਦੀਆਂ ਫਸਲਾਂ ਉਜਾੜ ਦਿੰਦੇ ਸਨ।