ਮਾਨਸਾ :ਆਮ ਆਦਮੀ ਪਾਰਟੀ ਨੇ ਆਉਣ ਵਾਲੇ ਨਗਰ ਕੌਂਸਲ ਚੋਣਾਂ ਸਬੰਧੀ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ 'ਆਪ' ਦੇ ਮੀਤ ਪ੍ਰਧਾਨ ਪੰਜਾਬ ਡਾ. ਵਿਜੇ ਸਿੰਗਲਾ, ਗੁਰਪ੍ਰੀਤ ਬਹਿਣੀਵਾਲ, ਜ਼ਿਲ੍ਹਾ ਪ੍ਰਧਾਨ ਚਰਨਜੀਤ ਅਕਾਂਵਾਲੀ ਸਣੇ ਕਈ ਆਗੂ ਤੇ ਵਰਕਰ ਮੌਜੂਦ ਰਹੇ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ 'ਆਪ' ਆਗੂਆਂ ਨੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਆਪਣੇ ਚੋਣ ਨਿਸ਼ਾਨ ਝਾੜੂ ਨਾਲ ਹੀ ਨਗਰ ਕੌਂਸਲ ਦੀਆਂ ਚੋਣਾਂ ਲੜੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਨਗਰ ਕੌਂਸਲ ਦੀਆਂ ਨਿਰਪੱਖ ਚੋਣਾਂ ਕਰਵਾਉਣ ਲਈ ਉਚੇਚੇ ਪ੍ਰਬੰਧ ਕਰਵਾਏ ਜਾਣ ਦੀ ਮੰਗ ਕੀਤੀ। ਚੋਣਾਂ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਹੇਰਾ-ਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਾਰੇ ਹੀ ਵਾਰਡਾਂ ਤੋਂ ਚੋਣਾਂ ਲੜਨ ਦੀ ਗੱਲ ਆਖੀ ਤੇ ਪਾਰਟੀ ਵੱਲੋਂ ਨਿਰਪੱਖ ਤੇ ਇਮਾਨਦਾਰ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅਪੀਲ ਕੀਤੀ ਗਈ।
'ਆਪ' ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਾਰਟੀ ਦੀ ਹਾਈਕਮਾਨ ਦੇ ਆਦੇਸ਼ਾਂ ਮੁਤਾਬਕ ਚੋਣ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਦਿੱਲੀ ਦੇ ਕੰਮਾਂ ਨੂੰ ਵੇਖਦੇ ਹੋਏ ਉਨ੍ਹਾਂ ਪੰਜਾਬ 'ਚ ਆਪ ਪਾਰਟੀ ਦੇ ਜਿੱਤ ਦੀ ਉਮੀਂਦ ਪ੍ਰਗਟਾਈ। ਉਨ੍ਹਾਂ ਕਿਹਾ ਕਿ 'ਆਪ' ਪਾਰਟੀ ਲੋਕਤੰਤਰ ਨੂੰ ਕਾਇਮ ਰੱਖਦੇ ਹੋਏ ਲੋਕ ਹਿੱਤ ਲਈ ਕੰਮ ਕਰਦੀ ਹੈ ਤੇ ਕਰਦੀ ਰਹੇਗੀ।