ਸ੍ਰੀ ਮੁਕਤਸਰ ਸਾਹਿਬ: ਹਰ ਸਾਲ ਸ੍ਰੀ ਮੁਕਤਸਰ ਸਾਹਿਬ ਵਿੱਚ ਮਾਘੀ ਮੇਲੇ ਉੱਤੇ ਘੋੜੀਆਂ ਦੀ ਮੰਡੀ ਲੱਗਦੀ ਹੈ। ਇਸ ਮੰਡੀ ਵਿੱਚ ਵੱਖ-ਵੱਖ ਦੇਸ਼ਾਂ ਅਤੇ ਸੂਬਿਆਂ ਤੋਂ ਵਪਾਰੀ ਆਪਣੇ ਪਸ਼ੂ ਲੈ ਕੇ ਪਹੁੰਚਦੇ ਹਨ। ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਇਸ ਵਾਰ ਘੋੜ ਮੰਡੀ ਵਿੱਚ ਪ੍ਰਤਾਪ ਨਾਂ ਦਾ ਘੋੜਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਕਿਉਂਕਿ ਇਹ ਘੋੜਾ ਪੰਜਾਬੀ ਗੀਤਾਂ ਵਿੱਚ ਵੀ ਆਪਣੀ ਕਲਾ ਦੇ ਜ਼ੌਹਰ ਦਿਖਾ ਚੁੱਕਿਆ ਹੈ। ਇਨ੍ਹਾਂ ਹੀ ਨਹੀਂ ਇਸ ਘੋੜੇ ਦੀ ਵਛੇੜੀ ਵੀ ਵੀ ਤਕਰੀਬਨ ਤਿੰਨ ਵਾਰ ਚੈਂਪੀਅਨ ਬਣ ਚੁੱਕੀ ਹੈ।
ਪ੍ਰਤਾਪ ਦੇ ਨਾਲ-ਨਾਲ ਇਸਦੇ ਬੱਚੇ ਵੀ ਬਣ ਚੁੱਕੇ ਨੇ ਚੈਪੀਅਨ
ਦੱਸ ਦਈਏ ਕਿ ਪ੍ਰਤਾਪ ਪਹਿਲਾਂ ਵੀ ਚੈਪੀਅਨ ਰਹਿ ਚੁੱਕਿਆ ਹੈ, ਪ੍ਰਤਾਪ ਦੇ ਨਾਲ-ਨਾਲ ਇਸਦੇ ਬੱਚੇ ਵੀ ਚੈਂਪੀਅਨ ਬਣੇ ਹਨ। ਪ੍ਰਤਾਪ ਘੋੜੇ ਦੇ ਪਿਤਾ ਪਿਤਾ ਵੀ ਚੈਂਪੀਅਨ ਰਹਿ ਚੁੱਕੇ ਹਨ। ਮਾਲਕ ਨੇ ਕਿਹਾ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪ੍ਰਤਾਪ ਦੀ ਪੀੜੀ ਆਪਣੀ ਨਸਲ ਦਾ ਨਾਂ ਰੋਸ਼ਨ ਕਰ ਰਹੀ ਹੈ। ਮਾਲਕ ਦਾ ਕਹਿਣਾ ਹੈ ਕਿ ਸਾਨੂੰ ਦਾਦਿਆਂ ਪੜਦਾਦਿਆਂ ਤੋਂ ਇਹ ਗੁੜਤੀ ਮਿਲੀ ਹੈ। ਅਸੀਂ ਬਹੁਤ ਹੀ ਪਿਆਰ ਅਤੇ ਸ਼ੌਂਕ ਨਾਲ ਘੋੜੇ ਪਾਲਦੇ ਹਾਂ। ਮੇਰੀ ਉਮਰ ਵੀ ਹਾਲੇ ਤਕਰੀਬਨ 17 ਸਾਲ ਹੈ, ਮੈਨੂੰ ਹੁਣ ਤੋਂ ਹੀ ਘੋੜੀਆਂ ਪਾਲਣ ਦਾ ਸ਼ੌਂਕ ਹੈ ਅਤੇ ਮੈਂ ਘੋੜੇ ਪਾਲਣ ਦੇ ਨਾਲ-ਨਾਲ ਪੜ੍ਹਾਈ ਵੀ ਕਰਦਾ ਹਾਂ।
ਪ੍ਰਤਾਪ ਨਾਲ ਨਿੱਘਾ ਪਿਆਰ
ਪ੍ਰਤਾਪ ਦੇ ਮਾਲਕ ਦਾ ਕਹਿਣਾ ਹੈ ਕਿ ਪ੍ਰਤਾਪ ਨੂੰ ਅਸੀਂ ਇੱਕ ਨਾਰਮਲ ਖੁਰਾਕ ਦਿੰਦੇ ਹਾਂ। ਪ੍ਰਤਾਪ ਨਾਲ ਸਾਡਾ ਦਿਲੋਂ ਲਗਾਵ ਅਤੇ ਪਿਆਰ ਹੈ, ਜਿੰਨ੍ਹਾਂ ਚਿਰ ਮੈਂ ਇਸਦੀ ਸਵਾਰੀ ਨਾ ਕਰਾਂ ਤਾਂ ਉਨ੍ਹਾਂ ਚਿਰ ਮੇਰਾ ਮਨ ਨਹੀਂ ਲੱਗਦਾ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਪ੍ਰਤਾਪ ਦੀ ਉਚਾਈ ਅਤੇ ਲੰਬਾਈ ਬਹੁਤ ਜਿਆਦਾ ਹੈ। ਇਸ ਦੇ ਪੈਰ ਵੀ ਕਾਫੀ ਮਜ਼ਬੂਤ ਹਨ। ਸਾਨੂੰ ਇਸ ਮੰਡੀ ਵਿੱਚ ਆ ਕੇ ਬਹੁਤ ਖੁਸ਼ੀ ਮਿਲੀ ਹੈ। ਅਸੀਂ ਪਿਛਲੇ ਸਾਲ ਤੋਂ ਹੀ ਇਸ ਮੰਡੀ ਦਾ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਘੋੜ ਮੰਡੀ ਲੱਗੇਗੀ ਅਤੇ ਅਸੀਂ ਆਪਣੇ ਪ੍ਰਤਾਪ ਨਾਲ ਇੱਥੇ ਆਈਏ।

ਮਾਘੀ ਮੇਲਾ
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 40 ਮੁਕਤਿਆਂ ਦੀ ਯਾਦ ਵਿੱਚ ਮਾਘੀ ਮੇਲੇ ਦੀ ਸਮਾਪਤੀ ਹੋਈ। ਮਾਘੀ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈਆਂ, ਜਿੱਥੇ ਉਨ੍ਹਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਪੁੰਨ ਪ੍ਰਾਪਤ ਕੀਤਾ। ਉਨ੍ਹਾਂ ਹੋਰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕੀਤਾ। ਮਾਘੀ ਦੇ ਅਗਲੇ ਦਿਨ ਟਿੱਬੀ ਸਾਹਿਬ ਰੋਡ ‘ਤੇ ਸਥਿਤ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਨੇੜੇ ਨਿਹੰਗ ਸਿੰਘਾਂ ਵੱਲੋਂ ਘੋੜ ਦੌੜ ਕਰਵਾਈ ਗਈ।

ਨੂਰਦੀਨ ਦੀ ਕਬਰ ਦਾ ਇਤਿਹਾਸ
15 ਜਨਵਰੀ ਨੂੰ ਗੁਰਦੁਆਰਾ ਸ੍ਰੀ ਦਾਤਨਸਰ ਸਾਹਿਬ ਨੇੜੇ ਸਥਿਤ ਨੂਰਦੀਨ ਦੀ ਕਬਰ ‘ਤੇ ਸੰਗਤਾਂ ਜੁੱਤੀਆਂ ਮਾਰਨ ਲਈ ਪਹੁੰਚਦੀਆਂ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਸ ਅਸਥਾਨ ‘ਤੇ ਦਾਤੁਨ ਕਰ ਰਹੇ ਸਨ ਤਾਂ ਨੂਰਦੀਨ ਨੇ ਉਨ੍ਹਾਂ ‘ਤੇ ਪਿੱਛੇ ਤੋਂ ਬਰਛੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਨੇ ਆਪਣਾ ਬਚਾਅ ਕਰਦੇ ਹੋਏ, ਉਸ ਨੂੰ ਆਪਣੇ ਹੱਥ ਵਿੱਚ ਫੜੇ ਹੋਏ ਘੜੇ ਨਾਲ ਮਾਰ ਕੇ ਮਾਰ ਦਿੱਤਾ। ਉਦੋਂ ਤੋਂ ਇਸ ਅਸਥਾਨ ‘ਤੇ ਮੇਲਾ ਮਾਘੀ ਮੌਕੇ ਸੰਗਤਾਂ ਦੀ ਭੀੜ ਨੂਰਦੀਨ ਦੀ ਕਬਰ ‘ਤੇ ਪੁੱਜਦੀ ਹੈ ਅਤੇ ਕਬਰ ‘ਤੇ ਜੁੱਤੀਆਂ ਮਾਰਦੀ ਹੈ ਅਤੇ ਗੁਰੂ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ।
