ਮਾਨਸਾ: ਬੀਤੇ ਦਿਨ ਆਮ ਆਦਮੀ ਪਾਰਟੀ ਵੱਲੋਂ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਪਾਰਕ ’ਚ ਡਾਕਟਰ ਭੀਮ ਰਾਓ ਅੰਬੇਦਕਰ ਦਾ 130ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸੰਵਿਧਾਨ ਦੇ ਘਾੜੇ ਡਾ. ਭੀਮ ਰਾਓ ਦੇ ਜਨਮ ਦਿਹਾੜੇ ਉੱਤੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਉਨ੍ਹਾਂ ਦੀਆਂ ਸਿੱਖਿਆਵਾਂ ਉੱਤੇ ਚਰਚਾ ਕੀਤੀ ਗਈ।
ਇਸ ਮੌਕੇ ਆਪ ਪਾਰਟੀ ਦੇ ਸੂਬਾ ਆਗੂ ਡਾ. ਵਿਜੈ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਨੇ ਦੱਸਿਆ ਕਿ ਅੱਜ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਮੌਕੇ ਅਸੀਂ ਉਨ੍ਹਾਂ ਨੂੰ ਜਿੱਥੇ ਸ਼ਰਧਾ ਦੇ ਫੁਲ ਭੇਟ ਕਰਦੇ ਹਾਂ ਉੱਥੇ ਹੀ ਉਨ੍ਹਾਂ ਦੀ ਸਿੱਖਿਆਵਾਂ ਨੂੰ ਅੱਗੇ ਵਧਾਉਣ ਦਾ ਪ੍ਰਣ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਡਾ ਭੀਮ ਰਾਓ ਅੰਬੇਦਕਰ ਜੀ ਨੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਕੇ ਆਪਣੇ ਦੇਸ਼ ਨੂੰ ਸੰਵਿਧਾਨ ਲਿਖ ਕੇ ਜੋ ਦੇਣ ਦਿੱਤੀ ਹੈ ਉਸਦੇ ਲਈ ਅਸੀਂ ਸਾਰੀ ਉਮਰ ਉਨ੍ਹਾਂ ਦੇ ਰਿਣੀ ਰਹਾਂਗੇ। ਕਿਉਂਕਿ ਡਾ ਭੀਮ ਰਾਓ ਅੰਬੇਦਕਰ ਉਹ ਇਨਸਾਨ ਸਨ ਜਿਨ੍ਹਾਂ ਨੇ ਹਰ ਵਰਗ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਆਜ਼ਾਦੀ ਵਾਲੇ ਦਿਨ ਤੋਂ ਹੁਣ ਤੱਕ ਜੋ ਅਸੀਂ ਆਪਣੇ ਅਧਿਕਾਰਾਂ ਦਾ ਸੁੱਖ ਮਾਣ ਰਹੇ ਹਾਂ ਉਹ ਸਿਰਫ਼ ਡਾ. ਭੀਮ ਰਾਓ ਅੰਬੇਦਕਰ ਦੀ ਹੀ ਦੇਣ ਹੈ । ਇਸ ਲਈ ਅਸੀਂ ਹਮੇਸ਼ਾ ਉਨ੍ਹਾਂ ਦੀਆਂ ਸਿੱਖਿਆਵਾਂ ਉੱਤੇ ਚੱਲਾਂਗੇ ਅਤੇ ਲੋਕਾਂ ਨੂੰ ਉਨ੍ਹਾਂ ਦੇ ਦਿੱਤੇ ਹੋਏ ਉਪਦੇਸ਼ਾਂ ਤੇ ਚੱਲਣ ਲਈ ਪ੍ਰੇਰਿਤ ਕਰਾਂਗੇ।