ਲੁਧਿਆਣਾ/ਖੰਨਾ : ਸਮਰਾਲਾ ਦੇ ਨੇੜਲੇ ਪਿੰਡ ਜਲਣਪੁਰ 'ਚ ਘਰੇਲੂ ਝਗੜੇ ਕਾਰਨ ਜੇਠ ਨੇ ਆਪਣੀ ਭਰਜਾਈ ਦਾ ਕਤਲ ਕਰ ਦਿੱਤਾ। ਜਦੋਂ ਔਰਤ ਕੱਪੜੇ ਸੁਕਾਉਣ ਲਈ ਘਰ ਦੀ ਛੱਤ 'ਤੇ ਗਈ ਤਾਂ ਉਸਦੇ ਜੇਠ ਨੇ ਪਿੱਛੇ ਤੋਂ ਆ ਕੇ ਉਸ 'ਤੇ ਚਾਕੂ ਨਾਲ ਕਈ ਹਮਲੇ ਕੀਤੇ। ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 40 ਸਾਲ ਦੀ ਕਰਮਜੀਤ ਕੌਰ ਵਾਸੀ ਜਲਣਪੁਰ ਵਜੋਂ ਹੋਈ। ਮ੍ਰਿਤਕ ਦੇ ਪਤੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ ਅਤੇ ਤਿੰਨੋਂ ਸਾਂਝੇ ਪਰਿਵਾਰ ਵਿੱਚ ਰਹਿੰਦੇ ਹਨ। ਘਰ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਕਲੇਸ਼ ਰਹਿੰਦਾ ਸੀ। ਇਸੇ ਝਗੜੇ ਕਾਰਨ ਮੰਗਲਵਾਰ ਨੂੰ ਉਸਦੇ ਵੱਡੇ ਭਰਾ ਮੋਹਨ ਸਿੰਘ ਨੇ ਗੁੱਸੇ 'ਚ ਆ ਕੇ ਉਸਦੀ ਪਤਨੀ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਨੇ ਮੋਹਨ ਸਿੰਘ ਨੂੰ ਫੜ ਲਿਆ ਸੀ।
ਘਰੇਲੂ ਕਲੇਸ਼ ਕਾਰਨ ਚੁੱਕਿਆ ਕਦਮ : ਦੱਸ ਦੇਈਏ ਕਿ ਘਰ ਵਿੱਚ ਖਰਚਿਆਂ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ। ਪਰਿਵਾਰ ਵਿੱਚ ਬੱਚਿਆਂ ਵਿੱਚ ਵੀ ਲੜਾਈ ਝਗੜੇ ਹੁੰਦੇ ਰਹਿੰਦੇ ਸਨ। ਇਸ ਕਾਰਨ ਘਰੇਲੂ ਕਲੇਸ਼ ਵਧ ਗਿਆ ਸੀ ਅਤੇ ਇਹ ਕਲੇਸ਼ ਪਰਿਵਾਰ ਦੇ ਇੱਕ ਮੈਂਬਰ ਦੀ ਜਾਨ ਲੈ ਬੈਠਾ ਅਤੇ ਦੂਜੇ ਮੈਂਬਰ ਨੂੰ ਜੇਲ੍ਹ ਭੇਜ ਦਿੱਤਾ, ਜਿਸ ਚਾਕੂ ਨਾਲ ਔਰਤ ਦਾ ਕਤਲ ਕੀਤਾ ਗਿਆ ਸੀ, ਉਹ ਘਰ ਦੇ ਬਾਹਰੋਂ ਲਿਆਂਦਾ ਗਿਆ ਸੀ। ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਮੋਹਨ ਸਿੰਘ ਨੇ ਪਹਿਲਾਂ ਹੀ ਕਤਲ ਦੀ ਯੋਜਨਾ ਬਣਾਈ ਸੀ। ਬਾਹਰੋਂ ਚਾਕੂ ਲਿਆਂਦਾ ਗਿਆ ਅਤੇ ਫਿਰ ਇਸ ਚਾਕੂ ਨਾਲ ਵਾਰ ਕੀਤੇ ਗਏ। ਪਿੱਠ ਅਤੇ ਛਾਤੀ 'ਤੇ ਵਾਰ ਨਾਲ ਔਰਤ ਦੀ ਮੌਤ ਹੋ ਗਈ।
ਕਤਲ ਦਾ ਮਾਮਲਾ ਦਰਜ: ਥਾਣਾ ਸਮਰਾਲਾ ਅਧੀਨ ਪੈਂਦੀ ਬਰਧਾਲਾਂ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੋਹਨ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਕਤਲ ਦਾ ਕਾਰਨ ਘਰ ਵਿੱਚ ਖਰਚੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਦੱਸਿਆ ਜਾ ਗਿਆ ਹੈ। ਬਾਕੀ ਪੁਲਿਸ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਮੁਲਜ਼ਮ ਦੀ ਗ੍ਰਿਫਤਾਰੀ ਵੀ ਜਲਦੀ ਪਾਈ ਜਾਵੇਗੀ। ਜਿਸ ਉਪਰੰਤ ਕਾਨੂੰਨੀ ਪ੍ਰਕਿਰਿਆ ਅਨੁਸਾਰ ਮੁਲਜ਼ਮ ਦਾ ਰਿਮਾਂਡ ਹਾਸਲ ਕਰਕੇ ਚਾਕੂ ਬਰਾਮਦ ਕੀਤਾ ਜਾਵੇਗਾ।