ਲੁਧਿਆਣਾ: ਕੋਰੋਨਾ ਵਾਇਰਸ ਕਾਰਨ ਜਿੱਥੇ ਸਭ ਦੀ ਜ਼ਿੰਦਗੀ ਘਰਾਂ ਤੱਕ ਹੀ ਸੀਮਤ ਰਹਿ ਚੁੱਕੀ ਹੈ, ਉੱਥੇ ਹੀ ਕਈ ਲੋਕ ਅਜਿਹੇ ਵੀ ਹਨ ਜੋ ਕਿ ਆਪਣੇ ਘਰਾਂ ਤੋਂ ਦੂਰ ਬਿਗਾਨੇ ਸੂਬਿਆਂ ਅਤੇ ਬਿਗਾਨੇ ਦੇਸ਼ਾਂ ਵਿੱਚ ਫਸੇ ਹੋਏ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੀ ਬੈਲਜ਼ੀਅਮ ਦੀ ਰਹਿਣ ਵਾਲੀ ਐਲੀਜ਼ਾ ਪੰਜਾਬ ਗੁਰਬਾਣੀ ਸਿੱਖਣ ਆਈ ਪਰ ਤਾਲਾਬੰਦੀ ਕਾਰਨ ਭਾਰਤ ਹੀ ਫੱਸ ਗਈ।
ਪਿਛਲੇ 6 ਮਹੀਨੇ ਤੋਂ ਲੁਧਿਆਣਾ ਵਿੱਚ ਰਹਿ ਰਹੀ 58 ਸਾਲਾ ਐਲੀਜ਼ਾ ਯੂਰੋਪ ਦੀ ਰਹਿਣ ਵਾਲੀ ਹੈ। ਐਲੀਜ਼ਾ ਲੁਧਿਆਣਾ ਦੇ ਸਮਰਾਲਾ ਚੌਂਕ ਸਥਿਤ ਨਾਨਕਸਰ ਗੁਰਦੁਆਰਾ ਵਿੱਚ ਪਾਠ ਸਿੱਖਣ ਲਈ ਆਈ ਹੋਈ ਹੈ ਅਤੇ ਗੁਰਦੁਆਰਾ ਤੋਂ ਕੁੱਝ ਹੀ ਦੂਰੀ 'ਤੇ ਚੰਡੀਗੜ੍ਹ ਰੋਡ 'ਤੇ ਇੱਕ ਹੋਟਲ ਵਿੱਚ ਰਹਿ ਰਹੀ ਹੈ।
ਪੁਲਿਸ ਵਾਲਿਆਂ ਤੋਂ ਖ਼ਫ਼ਾ ਐਲੀਜ਼ਾ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਜਾਣਾ ਚਾਉਂਦੀ ਹੈ ਪਰ ਪੁਲਿਸ ਹਮੇਸ਼ਾ ਹੀ ਉਸ 'ਤੇ ਹੀ ਨਜ਼ਰ ਰੱਖਦੀ ਹੈ ਅਤੇ ਪੁਲਿਸ ਮੁਲਾਜ਼ਮ ਉਸ ਨੂੰ ਧੱਕੇ ਨਾਲ ਹੋਟਲ ਵਿੱਚ ਹੀ ਰਹਿਣ ਲਈ ਕਹਿੰਦੇ ਹਨ।
ਐਲੀਜ਼ਾ ਨੇ ਦੱਸਿਆ ਕਿ ਉਹ ਸਤੰਬਰ ਮਹੀਨੇ 'ਚ ਭਾਰਤ ਆਈ ਸੀ ਜਦ ਕਿ ਦੂਰ-ਦੂਰ ਤੱਕ ਕੋਰਨਾ ਵਾਇਰਸ ਦਾ ਨਾ ਵੀ ਨਹੀਂ ਸੀ। ਉਸ ਨੇ ਕਿਹਾ ਕਿ ਇਹ ਬਿਮਾਰੀ ਚੀਨ ਦੀ ਦੇਣ ਹੈ ਯੂਰਪ ਦੇਸ਼ਾਂ ਦੀ ਨਹੀਂ। ਐਲੀਜ਼ਾ ਨੇ ਕਿਹਾ ਕਿ ਉਹ ਸਿੱਖ ਧਰਮ 'ਚ ਵਿਸ਼ਵਾਸ ਕਰਦੀ ਹੈ, ਪਰ ਹੁਣ ਉਸ ਨੂੰ ਇੱਥੇ ਰੋਕ ਕੇ ਰੱਖਿਆ ਗਿਆ ਹੈ।
ਉੱਥੇ ਹੀ ਹੋਟਲ ਮਾਲਿਕ ਨੇ ਦੱਸਿਆ ਕਿ ਐਲੀਜ਼ਾ ਕਾਫੀ ਦੇਰ ਤੋਂ ਸਾਡੇ ਹੋਟਲ ਵਿੱਚ ਰਹਿ ਰਹੀ ਹੈ ਅਤੇ ਹੁਣ ਉਸ ਕੋਲ ਪੈਸੇ ਵੀ ਖ਼ਤਮ ਹੋ ਗਏ ਹਨ ਅਤੇ ਫਿਰ ਵੀ ਅਸੀਂ ਇਸ ਨੂੰ ਹੋਟਲ 'ਚ ਰੁਕਣ ਲਈ ਕਿਹਾ ਹੈ ਅਤੇ 3 ਵਕਤ ਦਾ ਖਾਣਾ ਵੀ ਦੇ ਰਹੇ ਹਨ।