ਲੁਧਿਆਅਣਾ: ਵਿਧਾਨ ਸਭਾ ਚੋਣਾਂ 2022 (Assembly Elections 2022) ਨੂੰ ਲੈਕੇ ਅਕਾਲੀ ਦਲ ਵਲੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਤੋਂ ਬਾਅਦ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਲੁਧਿਆਣਾ ਦੇ ਛਪਾਰ ਮੇਲੇ ਵਿੱਚ ਪਹਿਲਾਂ ਸਿਆਸੀ ਪਾਰਟੀਆਂ ਵੱਲੋਂ ਕਾਨਫਰੰਸ ਕਰਨ ਦੀ ਤਿਆਰੀ ਸੀ ਪਰ ਕਿਸਾਨਾਂ ਦੀ ਅਪੀਲ ਤੋਂ ਬਾਅਦ ਅਕਾਲੀ ਦਲ ਅਤੇ ਆਪ ਨੇ ਆਪਣੀ ਕਾਨਫਰੰਸ ਰੱਦ ਕਰ ਦਿੱਤੀ ਹੈ ਜਦੋ ਕਿ ਕਾਂਗਰਸ ਨੇ ਹਾਲੇ ਤੱਕ ਸਥਿਤੀ ਸਾਫ ਨਹੀਂ ਕੀਤੀ। ਕਾਂਗਰਸ ਦੇ ਆਗੂ ਗੋਲਮੋਲ ਜਵਾਬ ਦਿੰਦੇ ਵਿਖਾਈ ਦੇ ਰਹੇ ਹਨ। ਓਧਰ ਕਿਸਾਨਾਂ ਨੇ ਸਾਫ ਕਿਹਾ ਕਿ ਪਾਰਟੀਆਂ ਨੂੰ ਸਿਆਸੀ ਕਾਨਫਰੰਸ ਜਾਂ ਰੈਲੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਕਿਓਂਕਿ ਕਿਸਾਨੀ ਅੰਦੋਲਨ ਨੂੰ ਇਸ ਨਾਲ ਨੁਕਸਾਨ ਹੋ ਰਿਹਾ।
ਕਿਸਾਨ ਅੰਦੋਲਨ ਨੂੰ ਹਰ ਸਿਆਸੀ ਪਾਰਟੀ ਅਗਾਮੀ ਵਿਧਾਨ ਸਭਾ ਚੋਣਾਂ ‘ਚ ਵੱਡਾ ਮੁੱਦਾ ਬਣਾਉਂਦੀ ਵਿਖਾਈ ਦੇ ਰਹੀ ਹੈ ਅਤੇੇ ਸਾਰੀਆਂ ਹੀ ਪਾਰਟੀਆਂ ਕਿਸਾਨਾਂ ਦੀ ਹਮਾਇਤੀ ਹੋਣ ਦਾ ਦਾਅਵਾ ਕਰ ਰਹੀਆਂ ਹਨ। ਕਿਸਾਨਾਂ ਵੱਲੋਂ ਸਿਆਸੀ ਪਾਰਟੀਆਂ ਨੂੰ ਚੋਣ ਕਮਿਸ਼ਨ ਵੱਲੋਂ ਐਲਾਨੀ ਤਰੀਕ ਤੋਂ ਬਾਅਦ ਰੈਲੀਆਂ ਕਰਨ ਦੀ ਅਪੀਲ ਕੀਤੀ ਗਈ ਹੈ ਜਦੋਂ ਕਿ ਦੂਜੇ ਪਾਸੇ ਪਾਰਟੀਆਂ ਨੂੰ ਕਿਸਾਨਾਂ ਦੀ ਗੱਲ ਮੰਨਣੀ ਪੈ ਰਹੀ ਹੈ ਕਿਉਂਕਿ ਕਿਸਾਨੀ ਅੰਦੋਲਨ ਕਾਰਨ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਚੁੱਕੇ ਹਨ।
ਆਪ ਤੇ ਅਕਾਲੀ ਦਲ ਵੱਲੋਂ ਰੈਲੀਆਂ ਰੱਦ
ਅਕਾਲੀ ਦਲ ਅਤੇ ਆਮ ਆਦਮੀ ਪਾਰਟੀ (Aam Aadmi Party) ਨੇ ਖੁਦ ਨੂੰ ਕਿਸਾਨਾਂ ਦੀ ਵਫ਼ਾਦਾਰ ਪਾਰਟੀ ਸਾਬਿਤ ਕਰਦੇ ਹੋਏ ਛਪਾਰ ਮੇਲੇ ਦੀਆਂ ਸਿਆਸੀ ਕਾਨਫਰੰਸਾਂ ਰੱਦ ਕਰ ਦਿੱਤੀਆਂ ਨੇ ਜਦੋਂ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਖੜੇ ਹਨ ਇਸ ਕਰਕੇ ਰੈਲੀਆਂ ਰੱਦ ਕਰ ਦਿੱਤੀਆਂ ਹਨ। ਅਕਾਲੀ ਦਲ ਨੇ ਵੀ ਕਿਸਾਨਾਂ ਦੀ ਹਮਾਇਤੀ ਪਾਰਟੀ ਦੱਸਿਆ ਹੈ। ਅਕਾਲੀ ਆਗੂ ਗੁਰਦੀਪ ਗੋਸ਼ਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਲੋਕਾਂ ਦੀਆਂ ਭਾਵਨਾਵਾਂ ਸਮਝਦੇ ਹੋਏ ਰੈਲੀਆਂ ਰੱਦ ਕੀਤੀਆਂ ਹਨ।
ਕਾਂਗਰਸ ਨੇ ਨਹੀਂ ਕੀਤੀ ਸਥਿਤੀ ਸਪਸ਼ਟ
ਛਪਾਰ ਮੇਲੇ ਮੌਕੇ ਕਾਂਗਰਸ ਵਲੋਂ ਪੂਰੀ ਤਿਆਰੀ ਕੀਤੀ ਗਈ ਸੀ ਕਿ ਵੱਡਾ ਸਕਤੀ ਪ੍ਰਦਰਸ਼ਨ ਕੀਤਾ ਜਾਵੇਗਾ ਪਰ ਕਿਸਾਨਾਂ ਨੇ ਇਕੱਠ ‘ਤੇ ਇਤਰਾਜ਼ ਜਤਾਇਆ ਹੈ। ਕਾਂਗਰਸ ਦੇ ਸੀਨੀਅਰ ਆਗੂ ਕੇਕੇ ਬਾਵਾ ਨੂੰ ਜਦੋਂ ਸਵਾਲ ਕੀਤਾ ਤਾਂ ਉਹ ਗੋਲਮੋਲ ਜਵਾਬ ਦਿੰਦੇ ਵਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਕਾਂਗਰਸ ਤਾਂ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਹੈ ਅਤੇ ਕਾਨਫਰੰਸ ਕਰਨਾ ਜਾਂ ਨਾ ਕਰਨਾ ਇਸ ਬਾਰੇ ਵਿਚਾਰ ਦੀ ਲੋੜ ਹੈ।
ਕਿਸਾਨਾਂ ਦਾ ਸਟੈਂਡ ਸਪੱਸ਼ਟ
ਕਿਸਾਨਾਂ ਨੇ ਪਹਿਲਾਂ ਹੀ ਚੰਡੀਗੜ੍ਹ ‘ਚ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਸੱਦ ਕੇ ਆਪਣੀ ਗੱਲ ਸਾਫ ਕੀਤੀ ਗਈ ਹੈ ਕਿ ਸਾਰੀਆਂ ਪਾਰਟੀਆਂ ਕੋਡ ਲੱਗਣ ਤੱਕ ਰੈਲੀਆਂ ਨਾ ਕਰਨ। ਉਨ੍ਹਾਂ ਨੇ ਕਿਹਾ ਜੇਕਰ ਰੈਲੀਆਂ ਕਰਨਗੇ ਤਾਂ ਕਿਸਾਨ ਇਸ ਦਾ ਵਿਰੋਧ ਕਰਨਗੇ ਕਿਉਂਕਿ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਖੇਤੀ ਕਨੂੰਨ ਰੱਦ ਕਰਵਾਉਣ ਹੈ।
ਜ਼ਿਕਰੇਖਾਸ ਹੈ ਕੇ ਲੁਧਿਆਣਾ ਦੇ ਛਪਾਰ ਮੇਲੇ ਨੂੰ ਸਿਆਸੀ ਪਾਰਟੀਆਂ ਲੋਕਾਂ ਦੀ ਭੀੜ ਨੂੰ ਸੰਬੋਧਨ ਕਰਨ ਲਈ ਇਕ ਵੱਡੇ ਮੌਕੇ ਵਜੋਂ ਵੇਖ ਰਹੀਆਂ ਸਨ ਪਰ ਹੁਣ ਕਿਸਾਨਾਂ ਦੇ ਇਸ ਫੁਰਮਾਨ ਤੋਂ ਬਾਅਦ ਸਿਆਸੀ ਪਾਰਟੀਆਂ ਆਪਣਾ ਰੁੱਖ ਬਦਲਦੀਆਂ ਵਿਖਾਈ ਦੇ ਰਹੀਆਂ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੋਈ ਵੀ ਪਾਰਟੀ ਕਿਸਾਨਾਂ ਨੂੰ ਆਪਣੇ ਵਿਰੁੱਧ ਕਰਨ ਦਾ ਜ਼ੋਖਮ ਨਹੀਂ ਚੁੱਕਣਾ ਚਾਹੁੰਦੀ।
ਇਹ ਵੀ ਪੜ੍ਹੋ:ਹਰਮੋਹਣ ਸਿੰਘ ਸੰਧੂ ਨੇ ਦਿੱਤਾ ਅਸਤੀਫ਼ਾ, ਤਿੰਨ ਪੀੜੀਆਂ ਤੋਂ ਪਰਿਵਾਰ ਕਰ ਰਿਹਾ ਸੀ ਅਕਾਲੀ ਦਲ 'ਚ ਸੇਵਾ