ਲੁਧਿਆਣਾ: ਭਾਰਤ ਵਿੱਚ ਘੋੜੀਆਂ ਤੋਂ ਬਿਨ੍ਹਾਂ ਕਿਸੇ ਵੀ ਵਿਆਹ ਦੀ ਸ਼ਾਨ ਅਧੂਰੀ ਰਹਿ ਜਾਂਦੀ ਹੈ। ਹਰ ਹਿੰਦੂ ਅਤੇ ਸਿੱਖ ਧਰਮ ਦੇ ਵਿੱਚ ਵਿਆਹਾਂ 'ਚ ਲਾੜੇ ਨੂੰ ਘੋੜੀ 'ਤੇ ਹੀ ਚੜ੍ਹਾਇਆ ਜਾਂਦਾ ਹੈ। ਉਸ ਤੋਂ ਬਾਅਦ ਹੀ ਵਿਆਹ ਦੀਆਂ ਰਸਮਾਂ ਨੂੰ ਪੂਰਾ ਮੰਨਿਆ ਜਾਂਦਾ ਹੈ। ਉੱਥੇ ਹੀ ਇਨ੍ਹੀਂ ਦਿਨੀਂ ਵਿਆਹਾਂ ਦੀ ਸ਼ਾਨ ਬਣਨ ਵਾਲੀਆਂ ਇਹ ਘੋੜੀਆਂ ਗਧਿਆਂ ਖੱਚਰਾਂ ਵਾਂਗ ਸਮਾਨ ਦੀ ਢੋਆ-ਢੁਆਈ ਕਰ ਰਹੀਆਂ ਹਨ ਅਤੇ ਸਬਜ਼ੀਆਂ ਵੇਚ ਰਹੀਆਂ ਹਨ। ਇਨ੍ਹਾਂ ਘੋੜੀਆਂ ਦੇ ਮਾਲਕ ਇਨ੍ਹਾਂ ਖੂਬਸੂਰਤ ਘੋੜੀਆਂ ਦੇ ਅਜਿਹੇ ਹਾਲਾਤ ਵੇਖ ਕੇ ਪ੍ਰੇਸ਼ਾਨ ਹਨ।
ਟੋਨੀ ਘੋੜੀਆਂ ਵਾਲੇ ਨੇ ਦੱਸਿਆ ਕਿ ਉਨ੍ਹਾਂ ਕੋਲ ਕਈ ਕਿਸਮਾਂ ਦੀਆਂ ਵੱਖ-ਵੱਖ ਘੋੜੀਆਂ ਹਨ ਪਰ ਇਨ੍ਹੀਂ ਦਿਨੀਂ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਖ਼ਤਮ ਹੋਣ ਕਰਕੇ ਅਤੇ ਕਰਫਿਊ ਕਾਰਨ ਉਨ੍ਹਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ ਅਤੇ ਜੋ ਘੋੜੀਆਂ ਦਾ ਹਾਰ ਸ਼ਿੰਗਾਰ ਕਰਕੇ ਉਹ ਵਿਆਹਾਂ 'ਚ ਭੇਜਦੇ ਸਨ, ਅੱਜ ਉਹੀ ਘੋੜੀਆਂ ਸਬਜ਼ੀਆਂ ਵੇਚ ਰਹੀਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 1964, ਰਿਕਵਰੀ ਰੇਟ ਹੋਈ 64.6%
ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਵਕਤ ਦੀ ਮਜਬੂਰੀ ਬਣ ਗਿਆ ਹੈ ਕਿਉਂਕਿ ਵਿਆਹ ਸ਼ਾਦੀਆਂ ਨਹੀਂ ਹੋ ਰਹੀਆਂ ਤੇ ਘੋੜੀਆਂ ਦੀ ਖ਼ੁਰਾਕ ਮਹਿੰਗੀ ਪੈਂਦੀ ਹੈ। ਇਸ ਕਰਕੇ ਇਨ੍ਹਾਂ ਦੀ ਖੁਰਾਕ ਦਾ ਖਰਚਾ ਪਾਣੀ ਕੱਢਣ ਲਈ ਉਨ੍ਹਾਂ ਨੂੰ ਅਜਿਹਾ ਕੰਮ ਮਜਬੂਰੀ ਵੱਸ ਕਰਨਾ ਪੈ ਰਿਹਾ ਹੈ।
ਕੋਰੋਨਾ ਮਹਾਂਮਾਰੀ ਕਰਕੇ ਦੁਨੀਆਂ ਬਦਲ ਰਹੀ ਹੈ। ਅਜਿਹੇ 'ਚ ਇਨਸਾਨ ਆਪਣੇ ਵਸੀਲਿਆਂ ਨੂੰ ਵੀ ਆਪਣੀ ਲੋੜ ਮੁਤਾਬਕ ਢਾਲ ਰਿਹਾ ਹੈ ਪਰ ਇਹ ਬੇਜ਼ੁਬਾਨ ਜਾਨਵਰ ਹਾਲਾਤਾਂ ਤੋਂ ਪੂਰੀ ਤਰ੍ਹਾਂ ਬੇਖਬਰ ਹਨ ਅਤੇ ਆਮ ਇਨਸਾਨ ਵਾਂਗ ਸ਼ਾਇਦ ਹੁਣ ਚੰਗੇ ਦਿਨਾਂ ਦੀ ਉਡੀਕ ਕਰ ਰਹੇ ਹਨ।