ਲੁਧਿਆਣਾ: ਜ਼ਿਲ੍ਹੇ ਦੇ ਪਿੰਡ ਇਆਲੀ ਖੁਰਦ ਦੇ ਵਿੱਚ ਸਰਕਾਰੀ ਸਕੂਲ ਦੀ ਬੀਤੇ ਦਿਨੀਂ ਦਸਵੀਂ ਦੀ ਪ੍ਰੀਖਿਆ ਰੱਦ ਕਰਕੇ ਮੁੜ ਤੋਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਸਕੂਲ ਦੇ ਦਸਵੀਂ ਜਮਾਤ ਦੇ ਕੁੱਲ 252 ਵਿਦਿਆਰਥੀਆਂ ਦੀ ਪ੍ਰੀਖਿਆ ਮੁੜ ਤੋਂ ਹੋਵੇਗੀ। ਪ੍ਰੀਖਿਆ ਰੱਦ ਕਰਨ ਦਾ ਫੈਸਲਾ ਸਿੱਖਿਆ ਵਿਭਾਗ ਨੇ ਇੱਕ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਨਕਲ ਮਰਵਾਈ ਜਾ ਰਹੀ ਸੀ। ਇਸ ਦੌਰਾਨ ਜੰਮ ਕੇ ਹੰਗਾਮਾ ਹੋਇਆ ਅਤੇ ਵੀਡੀਓ ਵਾਇਰਲ ਹੋ ਗਈ। ਸਕੂਲ ਦੀ ਪ੍ਰੀਖਿਆ ਮੁੜ ਕਰਵਾਉਣ ਨੂੰ ਲੈ ਕੇ ਲੁਧਿਆਣਾ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਪੁਸ਼ਟੀ ਵੀ ਕੀਤੀ ਹੈ।
ਦਰਅਸਲ ਸੋਮਵਾਰ ਨੂੰ ਦਸਵੀਂ ਜਮਾਤ ਦੀ ਗਣਿਤ ਦੀ ਪ੍ਰੀਖਿਆ ਸੀ ਅਤੇ ਸਕੂਲ ਦੇ 252 ਵਿਦਿਆਰਥੀਆਂ ਵੱਲੋਂ ਇਹ ਪ੍ਰੀਖਿਆ ਦਿੱਤੀ ਜਾਣੀ ਸੀ ਪਰ ਸਕੂਲ ਦੇ ਤਿੰਨ ਅਧਿਆਪਕਾਂ ’ਤੇ ਪ੍ਰੀਖਿਆ ਦੇ ਵਿੱਚ ਹੰਗਾਮਾ ਕਰ ਕੇ ਵਿਘਨ ਪਾਉਣ ਦੇ ਇਲਜ਼ਾਮ ਲੱਗ ਰਹੇ ਹਨ। ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਵਿਦਿਆਰਥੀ ਇਹ ਵੀਡੀਓ ਬਣਾਉਣ ਵਾਲੇ ਅਧਿਆਪਕ ਨੂੰ ਕਹਿ ਰਹੇ ਹਨ ਕਿ ਉਹ ਉਨ੍ਹਾਂ ਨੂੰ ਵੀ ਕੁਝ ਦੱਸ ਦੇਣ।
ਇਸ ਦੌਰਾਨ ਵੀਡੀਓ ਬਣਾਉਣ ਵਾਲਾ ਸ਼ਖ਼ਸ ਬੋਲ ਰਿਹਾ ਹੈ ਕਿ ਇਹ ਵੀਡੀਓ ਹੁਣ ਸਿੱਧਾ ਚੰਡੀਗੜ੍ਹ ਹੀ ਜਾਵੇਗੀ। ਓਧਰ ਦੂਜੇ ਪਾਸੇ ਵੀਡੀਓ ਵਿੱਚ ਵਿਖਾਈ ਦੇ ਰਹੇ ਅਧਿਆਪਕ ਕੈਮਰੇ ਤੋਂ ਬਚਦੇ ਹੋਏ ਵਿਖਾਈ ਦੇ ਰਹੇ ਹਨ ਅਤੇ ਇੱਕ ਅਧਿਆਪਕ ਵੀਡੀਓ ਬਣਾਉਣ ਵਾਲੇ ਨੂੰ ਕਹਿ ਰਿਹਾ ਹੈ ਕਿ ਵੀਡੀਓ ਸੋਚ ਸਮਝ ਕੇ ਬਣਾਈ। ਜਾਣਕਾਰੀ ਮੁਤਾਬਕ ਇਹ ਪੂਰੀ ਵੀਡੀਓ ਪ੍ਰੀਖਿਆ ਸੁਪਰਡੈਂਟ ਵਿਨੋਦ ਕੁਮਾਰ ਵੱਲੋਂ ਖ਼ੁਦ ਹੰਗਾਮੇ ਦੇ ਦੌਰਾਨ ਬਣਾਈ ਗਈ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਕੂਲ ਦੇ ਅਧਿਆਪਕਾਂ ਨੇ ਉਸ ਨੂੰ ਵਿਦਿਆਰਥੀਆਂ ਦੀ ਮੱਦਦ ਕਰਨ ਲਈ ਕਿਹਾ ਪਰ ਉਸਦੇ ਮਦਦ ਨਾ ਕਰਨ ਦੇ ਕਰਕੇ ਪ੍ਰੀਖਿਆ ਦੇ ਦੌਰਾਨ ਹੰਗਾਮਾ ਹੋ ਗਿਆ।
ਓਧਰ ਦੂਜੇ ਪਾਸੇ ਲੁਧਿਆਣਾ ਦੀ ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਕੌਰ ਨੇ ਪ੍ਰੀਖਿਆ ਰੱਦ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗਣਿਤ ਦੀ ਪ੍ਰੀਖਿਆ ਸਕੂਲ ਵਿੱਚ ਮੁੜ ਤੋਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਸ ਸਬੰਧੀ ਜਲਦ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਰੇ ਕੋਲ ਇਸ ਦੀ ਸ਼ਿਕਾਇਤ ਜ਼ਰੂਰ ਆਈ ਹੈ ਅਤੇ ਮੌਕੇ ’ਤੇ ਮੌਜੂਦ ਫਲਾਈਂਗ ਸਕੁਐਡ ਵੱਲੋਂ ਇਸ ਸਬੰਧੀ ਸ਼ਿਕਾਇਤ ਵੀ ਸਿੱਖਿਆ ਵਿਭਾਗ ਨੂੰ ਭੇਜ ਦਿੱਤੀ ਹੈ ਜਿੱਥੋਂ ਹੀ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਕੂਲ ਵਿਚ ਪ੍ਰੀਖਿਆ ਦੁਬਾਰਾ ਕਰਵਾਈ ਜਾਵੇਗੀ। ਹਾਲਾਂਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਉਨ੍ਹਾਂ ਕੋਲ ਅਜਿਹੀ ਕੋਈ ਵੀਡੀਓ ਨਾ ਹੋਣ ਦੀ ਗੱਲ ਕਹੀ ਅਤੇ ਇਹ ਵੀ ਕਿਹਾ ਕਿ ਇਸ ਵਿੱਚ ਕੌਣ ਸ਼ਾਮਲ ਹੈ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸਕੂਲ ਦੇ ਅਧਿਆਪਕਾਂ ਦੀ ਜਾਂਚ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਬਿਜਲੀ ਸੰਕਟ ’ਤੇ ਬਿਜਲੀ ਮੰਤਰੀ ਦਾ ਵੱਡਾ ਬਿਆਨ, ਕਿਹਾ...