ਲੁਧਿਆਣਾ: ਅੱਜ ਲੁਧਿਆਣਾ ਦੇ ਸਕੂਲੀ ਬੱਚਿਆਂ ਨੇ ਸਥਾਨਕ ਰੱਖ ਬਾਗ ਵਿੱਚ 250 ਵਰਗ ਗਜ਼ ਦੇ ਖੇਤਰ ਵਿੱਚ 750 ਰੁੱਖਾਂ ਦੇ ਬੂਟੇ ਲਗਾ ਕੇ ਇੱਕ ਮਾਈਕਰੋ ਆਕਸੀਜਨ ਚੈਂਬਰ (ਮਾਈਕਰੋ ਜੰਗਲ) ਬਣਾਇਆ। ਇਹ ਮਾਈਕਰੋ ਜੰਗਲ ਗਰੀਨ ਕਪਲ ਵਜੋਂ ਜਾਣੇ ਜਾਂਦੇ ਰੋਹਿਤ ਮਹਿਰਾ ਆਈ.ਆਰ.ਐਸ. ਅਤੇ ਗੀਤਾਂਜਲੀ ਮਹਿਰਾ ਦੀ ਨਿਗਰਾਨੀ ਹੇਠ ਲਾਇਆ ਗਿਆ ਹੈ। ਇਸ ਲੁਧਿਆਣਾ ਦੇ 10 ਸਕੂਲੀ ਬੱਚੇ, ਜਿਨ੍ਹਾਂ ਵਿੱਚ ਪ੍ਰਤਿਭਾ ਸ਼ਰਮਾ, ਮਾਧਵੀ ਸ਼ਰਮਾ, ਵੈਭਵ ਕਪੂਰ, ਧਰੁਵ ਮਹਿਰਾ, ਉਧੇ ਮਹਿਰਾ, ਦੀਆ ਭਰਾਰਾ, ਲਵਣਿਆ ਸਹਿਗਲ, ਵਿਰਾਂਸ਼ ਭਰਾਰਾ, ਨਿਤਿਆ ਬੱਸੀ ਅਤੇ ਦਿਸ਼ਿਤਾ ਭਾਰਾਰਾ ਨੇ ਇਸ ਨਿਵੇਕਲੇ ਕਦਮ ਵਿੱਚ ਭਾਗ ਲਿਆ। ਰੋਹਿਤ ਮਹਿਰਾ ਨੇ ਕਿਹਾ ਕਿ ਇਹ ਦੁਨੀਆ ਭਰ ਵਿੱਚ ਬੱਚਿਆਂ ਦੁਆਰਾ ਬੱਚਿਆਂ ਲਈ ਬਣਾਇਆ ਗਿਆ ਪਹਿਲਾ ਅਨੋਖਾ ਜੰਗਲ ਹੈ। ਉਨ੍ਹਾਂ ਕਿਹਾ ਇਹ ਸਕੂਲੀ ਬੱਚੇ ਹੁਣ ਹਰੇ ਯੋਧਿਆਂ ਵਜੋ ਜਾਣੇ ਜਾਣਗੇ ਕਿਉਂਕਿ ਇਨ੍ਹਾਂ ਦੁਆਰਾ 60 ਵੱਖ-ਵੱਖ ਕਿਸਮਾਂ ਦੇ ਪੰਜਾਬ ਦੇ ਰਵਾਇਤੀ ਪੌਦੇ ਲਗਾ ਕੇ ਇਸ ਨੂੰ ਮਾਈਕਰੋ ਜੰਗਲ ਵਜੋਂ ਵਿਕਸਤ ਕਰਨ ਦਾ ਪ੍ਰਣ ਲਿਆ ਗਿਆ ਹੈ
ਵਿਦਿਆਰਥੀਆਂ ਨੇ ਕਿਹਾ ਕਿ ਇਸ ਮਾਈਕਰੋ ਜੰਗਲ ਲਾਉਣ ਦਾ ਮਕਸਦ ਇਹ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕੁਦਰਤੀ ਆਕਸੀਜਨ ਦਾ ਸਰੋਤ ਲੈ ਸਕਣ। ਵਿਦਿਆਰਥਣ ਪ੍ਰਤਿਭਾ ਸ਼ਰਮਾ ਨੇ ਕਿਹਾ ਕਿ ਮੌਜੂਦਾ ਮੌਸਮ ਰੁੱਖ ਲਗਾਉਣ ਲਈ ਸਭ ਤੋਂ ਵਧੀਆ ਹੈ ਅਤੇ ਉਨ੍ਹਾਂ ਸਾਰਿਆਂ ਨੂੰ, ਖ਼ਾਸਕਰ ਬੱਚਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਵੀ ਕਰਦੇ ਹਨ।
ਵਿਦਿਆਰਥਣ ਮਾਧਵੀ ਸ਼ਰਮਾ ਨੇ ਕਿਹਾ ਕਿ ਇਸ ਮਹਾਮਾਰੀ ਵਿਚ ਹਰ ਇਕ ਨੂੰ ਸਾਡੇ ਸਮਾਜ ਵਿਚ ਆਕਸੀਜਨ ਦੀ ਮਹੱਤਤਾ ਦਾ ਅਹਿਸਾਸ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਰੁੱਖ ਕੁਦਰਤੀ ਆਕਸੀਜਨ ਦਾ ਇਕਮਾਤਰ ਸਰੋਤ ਹਨ।