ਖੰਨਾ: ਕਈ ਦਿਨਾਂ ਬਾਅਦ ਪਈ ਸੰਘਣੀ ਧੁੰਦ ਕਾਰਨ ਅੱਜ ਖੰਨਾ ਨੇੜੇ ਈਸੜੂ ਵਿੱਚ ਦੋ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਨਾਲ ਅੱਗ ਲੱਗ ਗਈ।
ਮਿਲੀ ਜਾਣਕਾਰੀ ਅਨੁਸਾਰ ਬੈਨੀਪਾਲ ਢਾਬੇ ਦੇ ਕੋਲ ਇੱਕ ਟਿੱਪਰ ਬੱਜਰੀ ਨਾਲ ਭਰਿਆ ਹੋਇਆ ਖੰਨਾ ਤੋਂ ਮਲੇਰਕੋਟਲਾ ਨੂੰ ਜਾ ਰਿਹਾ ਸੀ ਅਤੇ ਮਾਲੇਰਕੋਟਲਾ ਸਾਈਡ ਤੋਂ ਆ ਰਿਹਾ ਕੈਂਟਰ ਜੋ ਕਿ ਕਬਾੜ ਨਾਲ ਭਰਿਆ ਹੋਇਆ ਸੀ ਉਸ ਨਾਲ ਟਕਰਾ ਗਿਆ।
ਇਸ ਟੱਕਰ ਤੋਂ ਬਾਅਦ ਅਚਾਨਕ ਹੀ ਟਰੱਕ ਵਿੱਚ ਅੱਗ ਲੱਗ ਗਈ ਤੇ ਧਮਾਕਾ ਹੋ ਗਿਆ ਜਿਸ ਵਿੱਚ ਡਰਾਈਵਰ ਹਰਮਿੰਦਰ ਸਿੰਘ ਜੋ ਕਿ ਆਰਨੀਆਂ ਵਾਲਾ ਫਾਜ਼ਿਲਕਾ ਦਾ ਰਹਿਣ ਵਾਲਾ ਸੀ ਉਸ ਦੀ ਲੱਤ ਟੁੱਟ ਗਈ ਅਤੇ ਅੱਗ ਲੱਗਣ ਕਾਰਨ ਉਸ ਦੀਆਂ ਲੱਤਾਂ ਵੀ ਝੁਲਸ ਗਈਆਂ।
ਇਸ ਹਾਦਸੇ ਨੂੰ ਦੇਖਣ ਵਾਸਤੇ ਜਦੋਂ ਇੱਕ ਗੱਡੀ ਮਹਿੰਦਰਾ ਜੀਪ ਰੁਕ ਗਈ ਤਾਂ ਉਸ ਦੇ ਪਿੱਛੇ ਆ ਰਹੀ ਦੁੱਧ ਵਾਲੀ ਗੱਡੀ ਮਹਿੰਦਰਾ ਉਸ ਨਾਲ ਟਕਰਾ ਗਈ। ਉਹਨਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਮੌਕੇ ਉੱਤੇ ਖੜੇ ਲੋਕਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਕਾਫੀ ਲੇਟ ਪਹੁੰਚੀ ਜਿਸ ਕਾਰਨ ਨੁਕਸਾਨ ਜ਼ਿਆਦਾ ਹੋਇਆ। ਪੁਲਿਸ ਵੀ ਮੌਕੇ ਉੱਤੇ ਪਹੁੰਚ ਗਈ ਸੀ ਅਤੇ ਡਰਾਈਵਰ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।