ਲੁਧਿਆਣਾ : ਪੰਜਾਬ ਖੇਤੀਬਾੜੀ ਯੂਨਿਵਰਸਿਟੀ ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲਾ ਲਾਇਆ ਗਿਆ। ਇਸ ਦੇ ਪਹਿਲੇ ਦਿਨ ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਝੋਨੇ ਤੇ ਕਣਕ ਦੀ ਫਸਲੀ ਚੱਕਰ ਵਿਚੋਂ ਨਿਕਲ ਕੇ ਆਧੁਨਿਕ ਖੇਤੀ ਵੱਲ ਪ੍ਰੇਰਿਆ ਸੀ। ਅੱਜ ਦੂਜੇ ਦਿਨ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਸਬੰਧੀ ਗੁਰ ਦਿੱਤੇ ਗਏ। ਇਸ ਮੌਕੇ ਮਾਹਰਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਪਰਾਲੀ ਦਾ ਨਬੇੜਾ ਸਿਰਦਰਦੀ ਬਣਿਆ ਰਿਹਾ ਹੈ। ਹਾਲਾਂਕਿ ਹੁਣ ਨਵੀਂ ਮਸ਼ੀਨਰੀ ਦੀ ਵਰਤੋਂ ਕਰ ਕੇ ਪਰਾਲੀ ਦਾ ਨਬੇੜਾ ਕੀਤਾ ਜਾ ਰਿਹਾ ਹੈ।
ਕਈ ਕਿਸਾਨ ਪਰਾਲੀ ਨੂੰ ਖੇਤ ਦੇ ਵਿੱਚ ਹੀ ਵਾਹ ਰਹੇ ਹਨ ਪਰ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਸਤਰ ਵਿਗਿਆਨ ਵਿਭਾਗ ਵੱਲੋਂ ਪਰਾਲੀ ਦੀ ਸੁਚੱਜੀ ਵਰਤੋਂ ਲਈ ਕਿਸਾਨਾਂ ਲਈ ਸਿਖਲਾਈ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਪਰਾਲੀ ਨਾਲ ਡੈਕੋਰੇਸ਼ਨ ਦਾ ਸਮਾਨ ਬਣਾਇਆ ਜਾਂਦਾ ਹੈ। ਉਸ ਤੋਂ ਇਲਾਵਾ ਪਰਾਲੀ ਦਾ ਕਾਗਜ਼, ਪਰਾਲੀ ਦੇ ਮਲਚਰ ਮੈਟ, ਪਰਾਲੀ ਦੇ ਦਸਤਾਨੇ, ਪਰਾਲੀ ਦੇ ਛੋਟੇ ਗਮਲੇ, ਪਰਾਲੀ ਦੀਆਂ ਤਸਵੀਰਾਂ, ਪਰਾਲੀ ਦੇ ਨਾਲ ਤਿਆਰ ਬ੍ਰਿਕਸ ਆਦਿ ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਪਰਾਲੀ ਅਤੇ ਵੈਸਟ ਮਟਿਰੀਆਲ ਤੋਂ ਸਜਾਵਟੀ ਸਮਾਨ ਵੀ ਬਣਾਇਆ ਜਾ ਸਕਦਾ ਹੈ।
![Training being given to farmers for the proper use of straw during Kisan Mela](https://etvbharatimages.akamaized.net/etvbharat/prod-images/pb-ldh-01-prali-decorate-visbyte-7205443_25032023103049_2503f_1679720449_446.jpg)
ਪਰਾਲੀ ਦੀ ਸੁਚੱਜੀ ਵਰਤੋਂ : ਪਹਿਲੀ ਨਜ਼ਰੇ ਵੇਖਣ ਨੂੰ ਸਜਾਵਟੀ ਸਮਾਨ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਕਿ ਇਹ ਸਮਾਨ ਖੇਤਾਂ ਵਿੱਚ ਬਚੀ ਹੋਈ ਰਹਿੰਦ-ਖੂੰਹਦ ਤੋਂ ਬਣਾਇਆ ਗਿਆ ਹੈ। ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਸਤਰ ਵਿਗਿਆਨ ਵਿਭਾਗ ਦੀ ਮਾਹਿਰ ਡਾਕਟਰ ਨੇ ਦੱਸਿਆ ਕਿ ਇਹ ਸਭ ਪਰਾਲੀ ਨਾਲ ਹੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨੀ ਅੱਜ ਸਮੇਂ ਦੀ ਲੋੜ ਹੈ। ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਹਿਯੋਗ ਦੇ ਨਾਲ ਨਵੇਂ-ਨਵੇਂ ਸਮਾਨ ਬਣਾਉਣ ਦੀ ਕਾਢ ਕੱਢੀ ਜਾ ਰਹੀ ਹੈ।
ਕਿਸਾਨਾਂ ਲਈ ਸਿਖਲਾਈ ਪ੍ਰੋਗਰਾਮ : ਪੀਏਯੂ ਵਸਤਰ ਵਿਗਿਆਨ ਵਿਭਾਗ ਦੇ ਵਿਦਿਆਰਥੀ ਅਜਿਹਾ ਸਮਾਨ ਬਣਾ ਕੇ ਵੱਖ-ਵੱਖ ਟੈਕਸਟਾਇਲ ਕੰਪਨੀਆਂ ਨੂੰ ਵੀ ਆਕਰਸ਼ਿਤ ਕਰ ਰਹੇ ਹਨ। ਹਾਲਾਂਕਿ ਅਜੇ ਸਿਰਫ ਮਾਡਲ ਹੀ ਤਿਆਰ ਕੀਤੇ ਜਾ ਰਹੇ ਨੇ, ਪਰ ਕਿਸੇ ਕੰਪਨੀ ਨਾਲ ਟਾਈਅਪ ਕਰ ਕੇ ਇਸ ਨੂੰ ਵੱਡੇ ਪੱਧਰ ਉਤੇ ਵੀ ਬਣਾਇਆ ਜਾ ਸਕਦਾ ਹੈ, ਜਿਸ ਨਾਲ ਲੋਕ ਇਸ ਦਾ ਫਾਇਦਾ ਚੁੱਕ ਸਕਦੇ ਹਨ। ਇਸ ਨਾਲ ਕਿਸਾਨਾਂ ਦੀ ਪਰਾਲੀ ਦਾ ਕੁਝ ਹਿੱਸਾ ਵੀ ਨਿਬੇੜਿਆ ਜਾ ਸਕੇਗਾ। ਸੁੰਦਰ ਸਮਾਨ ਬਣਾ ਕੇ ਵਿਭਾਗ ਵਲੋਂ ਵਿਸ਼ੇਸ਼ ਤੌਰ ਤੇ ਕਿਸਾਨ ਮੇਲੇ ਚ ਪ੍ਰਦਰਸ਼ਿਤ ਕੀਤਾ ਗਿਆ ਜਿਸ ਨੂੰ ਕਿਸਾਨ ਵੇਖ ਕੇ ਹੈਰਾਨ ਹੋ ਰਹੇ ਸਨ।
ਇਹ ਵੀ ਪੜ੍ਹੋ : Amritpal Search Operation: ਭਾਰਤ ਸਰਕਾਰ ਨੇ ਅੰਮ੍ਰਿਤਪਾਲ ਨੂੰ ਪਾਕਿਸਤਾਨ ਭੱਜਣ ਤੋਂ ਰੋਕਣ ਲਈ BSF ਨੂੰ ਦਿੱਤੀਆਂ ਫੋਟੋਆਂ