ਲੁਧਿਆਣਾ: ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿੱਚ 2 ਰੋਜ਼ਾ ਤੀਜੀ ਪੰਜਾਬੀ ਸਾਹਿਤ ਕਾਨਫ਼ਰੰਸ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀ ਲੇਖਕਾਂ ਦੀ ਲਿਖਤ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਕਾਨਫਰੰਸ ਵਿੱਚ ਵਿਸ਼ੇਸ਼ ਤੌਰ 'ਤੇ ਪੰਜਾਬ ਭਵਨ ਸਰੀ(ਕੈਨੇਡਾ) ਦੇ ਸਰਪ੍ਰਸਤ ਸੁੱਖੀ ਬਾਠ ਮੌਜੂਦ ਰਹੇ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ 'ਤੇ ਆਪਣੀ ਚਿੰਤਾ ਜ਼ਾਹਿਰ ਕੀਤੀ।
ਇਸ ਮੌਕੇ ਪੰਜਾਬ ਭਵਨ ਕੈਨੇਡਾ ਦੇ ਸਰਪ੍ਰਸਤ ਸੁੱਖੀ ਬਾਠ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਉਨ੍ਹਾਂ ਦਾ ਇਹੀ ਕਾਰਨ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਦਾ ਰੁਖ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇੱਥੋਂ ਦੀਆਂ ਸਰਕਾਰਾਂ ਤੋਂ ਹੈਰਾਨ ਨੇ ਕਿਉਂਕਿ ਰੁਜ਼ਗਾਰ ਖ਼ਤਮ ਹੋ ਚੁੱਕਾ ਹੈ ਜਿਸ ਕਰਕੇ ਨੌਜਵਾਨ ਬੇਰੁਜ਼ਗਾਰ ਹਨ।
ਇਹ ਵੀ ਪੜ੍ਹੋ: ਖ਼ਜ਼ਾਨਾ ਭਰਨ ਲਈ ਕੈਪਟਨ ਸਰਕਾਰ ਨੇ ਮੰਤਰੀਆਂ 'ਤੇ ਲਾਈ ਲਗਾਮ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਨੇਡਾ 'ਚ ਆਉਣ ਵਾਲੇ ਪੰਜਾਬੀਆਂ ਦਾ ਭਵਿੱਖ ਉੱਜਵਲ ਹੈ ਕਿਉਂਕਿ ਉੱਥੇ ਪੰਜਾਬੀ ਵੱਡੇ ਅਹੁਦਿਆਂ 'ਤੇ ਬੈਠੇ ਹਨ ਅਤੇ ਹੁਣ ਕਈ ਸਾਂਸਦ ਵੀ ਬਣ ਚੁੱਕੇ ਹਨ। ਕੈਨੇਡਾ ਦੇ ਵਿੱਚ ਵੱਸਦੀ ਨੌਜਵਾਨ ਪੀੜ੍ਹੀ ਦੇ ਪੰਜਾਬੀ ਸੱਭਿਆਚਾਰ ਤੋਂ ਦੂਰ ਹੋਣ 'ਤੇ ਵੀ ਉਸ ਨੇ ਆਪਣੀ ਚਿੰਤਾ ਜ਼ਾਹਿਰ ਕੀਤੀ।
ਉਧਰ ਦੂਜੇ ਪਾਸੇ ਉੱਘੇ ਲੇਖਕ ਗੁਰਭਜਨ ਗਿੱਲ ਨੇ ਕਿਹਾ ਕਿ ਪਰਵਾਸੀ ਲੇਖਕਾਂ ਦੀ ਲਿਖਤ ਬਾਰੇ ਇਸ ਕਾਨਫਰੰਸ ਦੇ ਵਿੱਚ ਵਿਚਾਰਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਹਰ ਪੰਜਾਬੀ ਲਈ ਸੰਭਵ ਹੈ ਕਿ ਉਹ ਵੱਖ-ਵੱਖ ਲਾਇਬ੍ਰੇਰੀਆਂ 'ਚ ਜਾ ਕੇ ਪ੍ਰਵਾਸੀਆਂ ਦਾ ਸਾਹਿਤ ਪੜ੍ਹ ਸਕੇ ਅਤੇ ਵਿਚਾਰ ਸਕੇ। ਇਸ ਕਰਕੇ ਉਨ੍ਹਾਂ ਵੱਲੋਂ ਕਾਲਜ ਦੇ ਵਿੱਚ ਇੱਕ ਆਨਲਾਈਨ ਲਾਇਬ੍ਰੇਰੀ ਸ਼ੁਰੂ ਕਰਨ ਲਈ ਕਿਹਾ ਗਿਆ ਹੈ।