ਲੁਧਿਆਣਾ: ਖੰਨਾ ਪੁਲਿਸ ਨਾਲ ਜੋ ਚੋਰ ਕਰਕੇ ਗਏ ਹਨ, ਉਹ ਘਟਨਾ ਪੁਲਿਸ ਨੂੰ ਵੀ ਸਾਰੀ ਉਮਰ ਯਾਦ ਰਹੇਗੀ। ਦਰਅਸਲ ਖੰਨਾ ਨਵਾਂਸ਼ਹਿਰ ਮਾਰਗ ਉੱਤੇ ਪੁਲਿਸ ਦੀ ਗੱਡੀ ਵਿੱਚੋਂ ਛਾਲ ਮਾਰ ਕੇ ਤਿੰਨ ਚੋਰਾਂ ਨੇ ਉਸ ਵੇਲੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜਦੋਂ ਪੁਲਿਸ ਦੀ ਗੱਡੀ ਕਰੀਬ 30 ਫੁੱਟ ਉੱਚੇ ਪੁਲ ਤੋਂ ਲੰਘ ਰਹੀ ਸੀ। ਚੋਰਾਂ ਨੇ ਫਿਲਮੀ ਤਰੀਕਾ ਵਰਤਦਿਆਂ ਪਹਿਲਾਂ ਗੱਡੀ ਤੇ ਫਿਰ ਪੁਲ ਹੇਠਾਂ ਛਾਲ ਮਾਰ ਦਿੱਤੀ। ਇਕ ਚੋਰ ਜਖ਼ਮੀ ਵੀ ਹੋ ਗਿਆ ਹੈ। ਪੁਲਸ ਨੇ ਪਿੱਛਾ ਕਰਕੇ ਇਹਨਾਂ ਨੂੰ ਫੜਿਆ ਅਤੇ ਸੀਆਈਏ ਸਟਾਫ ਲੈ ਗਏ। ਦੂਜੇ ਪਾਸੇ ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ।
ਇਕ ਵਿਅਕਤੀ ਜਖਮੀ : ਦਰਅਸਲ, ਖੰਨਾ ਦੇ ਸਮਰਾਲਾ ਰੋਡ ਪੁਲ ਥੱਲੇ ਸਬਜ਼ੀ ਮੰਡੀ ਲੱਗੀ ਹੋਈ ਸੀ ਅਤੇ ਲੋਕਾਂ ਦੀ ਭੀੜ ਸੀ। ਇਸੇ ਦੌਰਾਨ ਸ਼ਾਮ ਵੇਲੇ ਪੁਲ ਦੇ ਉਪਰੋਂ ਦੋ ਵਿਅਕਤੀਆਂ ਨੇ ਥੱਲੇ ਛਾਲ ਮਾਰੀ। ਇੰਨੇ ਵਿੱਚ ਹੀ ਇਹ ਵਿਅਕਤੀ ਆਲੇ ਦੁਆਲੇ ਨੂੰ ਭੱਜ ਨਿਕਲੇ ਅਤੇ ਇਹਨਾਂ ਦਾ ਇੱਕ ਸਾਥੀ ਪੁਲ ਦੇ ਉਪਰ ਭੱਜ ਗਿਆ। ਥੋੜ੍ਹੀ ਦੇਰ ਬਾਅਦ ਹੀ ਜਦੋਂ ਪੁਲਿਸ ਦੀਆਂ ਗੱਡੀਆਂ ਨੇ ਘੇਰਾ ਪਾਇਆ ਅਤੇ ਪੁਲਿਸ ਵੀ ਪਿੱਛੇ ਭੱਜੀ ਤਾਂ ਲੋਕਾਂ ਦੇ ਸਮਝ ਵਿੱਚ ਸਾਰੀ ਕਹਾਣੀ ਆ ਗਈ। ਪੁਲਿਸ ਨੇ ਆਲੇ ਦੁਆਲੇ ਇਹਨਾਂ ਦਾ ਪਿੱਛਾ ਕਰਕੇ ਤਿੰਨਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਇੱਕ ਵਿਅਕਤੀ ਦੇ ਸੱਟ ਵੀ ਲੱਗੀ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਮਲੌਦ ਥਾਣਾ ਅਧੀਨ ਆਉਂਦੀ ਸਿਆੜ ਚੌਂਕੀ ਦੀ ਪੁਲਿਸ ਨੇ 29 ਮਈ ਨੂੰ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਸਾਗਰ ਵਾਸੀ ਫਗਵਾੜਾ, ਵਿਜੈ ਵਾਸੀ ਕਾਂਗੜਾ (ਹਿਮਾਚਲ ਪ੍ਰਦੇਸ਼) ਅਤੇ ਰਾਹੁਲ ਵਾਸੀ ਮੁਕੇਰੀਆਂ ਨੂੰ ਕਾਬੂ ਕੀਤਾ ਸੀ। ਇਨ੍ਹਾਂ ਤਿੰਨਾਂ ਦਾ ਰਿਮਾਂਡ ਚੱਲ ਰਿਹਾ ਸੀ। ਜਦੋਂ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਨ ਮਗਰੋਂ ਵੀਰਵਾਰ ਦੀ ਸ਼ਾਮ ਨੂੰ ਪੁੱਛਗਿੱਛ ਲਈ ਸੀਆਈਏ ਸਟਾਫ ਲਿਆਂਦਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਖੰਨਾ ਨਵਾਂਸ਼ਹਿਰ ਮਾਰਗ ਦੇ ਸਮਰਾਲਾ ਰੋਡ ਪੁਲ ਉਪਰ ਇਹਨਾਂ ਤਿੰਨਾਂ ਨੇ ਪੁਲਿਸ ਦੀ ਗੱਡੀ ਵਿੱਚੋਂ ਛਾਲ ਮਾਰ ਦਿੱਤੀ।