ਲੁਧਿਆਣਾ: ਲੁਧਿਆਣਾ ਦੀ ਸਿਧਵਾਂ ਕਨਾਲ ਨਹਿਰ ਦੇ ਹਾਲਾਤ ਬਦ ਤੋਂ ਬੱਤਰ ਬਣਦੇ ਜਾ ਰਹੇ ਹਨ। ਨਗਰ ਨਿਗਮ ਅਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਹੁਣ ਇਸ ਨਹਿਰ ਦੀ ਸਫਾਈ ਲਈ ਮੁਹਿੰਮ ਚਲਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਲੋਕ ਕੂੜਾ ਨਹਿਰ ਵਿਚ ਸੁੱਟਣ ਤੋਂ ਬਾਜ਼ ਨਹੀਂ ਆ ਰਹੇ ਜਿਸ ਤੋਂ ਪ੍ਰੇਸ਼ਾਨ ਹੋ ਕੇ ਹੁਣ 30 ਮੈਂਬਰਾਂ ਦੀ ਨਗਰ ਨਿਗਮ ਦੀ ਟੀਮ ਵਲੋਂ ਸਿਧਵਾਂ ਕਨਾਲ ਨਹਿਰ ਉੱਤੇ ਤੈਨਾਤ ਕਰ ਦਿੱਤੀ ਗਈ ਹੈ ਜੋ ਲਹਿਰ ਦੇ ਵਿੱਚ ਕੂੜਾ ਸੁੱਟਣ ਵਾਲਿਆਂ ਦੇ ਚਲਾਨ ਕਰ ਰਹੇ ਹਨ। ਬੀਤੇ ਇੱਕ ਹਫਤੇ ਵਿੱਚ 198 ਅਜਿਹੇ ਲੋਕਾਂ ਦੀ ਸ਼ਨਾਖ਼ਤ ਕੀਤੀ ਜਾ ਚੁੱਕੀ ਹੈ ਜੋ ਨਹਿਰ ਦੇ ਵਿੱਚ ਕੂੜਾ ਸੁੱਟ ਰਹੇ ਸਨ। ਇਨ੍ਹਾਂ ਵਿੱਚੋਂ 24 ਦੇ ਮੌਕੇ ਉੱਤੇ ਹੀ ਚਲਾਨ ਕੱਟੇ ਗਏ।
ਬੁੱਢਾ ਨਾਲਾ ਦਾ ਰੂਪ ਧਾਰ ਰਹੀ ਨਹਿਰ: ਲੁਧਿਆਣਾ ਦਾ ਬੁੱਢਾ ਨਾਲਾ ਸਿਰਫ ਲੁਧਿਆਣਾ ਹੀ ਨਹੀਂ ਸਗੋਂ ਨੇੜੇ ਤੇੜੇ ਦੇ ਇਲਾਕੇ ਦੇ ਲਈ ਵੀ ਵੱਡਾ ਕੋਹੜ ਹੈ ਜੋ ਰਾਜਸਥਾਨ ਤੱਕ ਲੋਕਾਂ ਨੂੰ ਬੀਮਾਰੀਆਂ ਵੰਡਦਾ ਹੈ। ਹੁਣ ਸਿਧਵਾਂ ਕਨਾਲ ਨਹਿਰ ਦੇ ਵੀ ਹਾਲਾਤ ਕਾਫੀ ਖਰਾਬ ਹੋ ਚੁੱਕੇ ਸਨ। ਬੀਤੇ ਦਿਨੀਂ ਛੱਠ ਪੂਜਾ ਤੋਂ ਬਾਅਦ ਸਿਧਵਾਂ ਕਨਾਲ ਨਹਿਰ ਦੇ ਵਿਚ ਇੰਨਾ ਕੂੜਾ-ਕਰਕਟ ਜਮਾਂ ਹੋ ਗਿਆ ਸੀ ਕਿ ਇਹ ਬੁੱਢੇ ਨਾਲੇ ਦਾ ਰੂਪ ਧਾਰਦੀ ਜਾ ਰਹੀ ਸੀ, ਜਿਸ ਦਾ ਵਾਤਾਵਰਨ ਪ੍ਰੇਮੀਆਂ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਅਤੇ ਐਨਜੀਟੀ ਵੱਲੋਂ ਨਗਰ ਨਿਗਮ ਨੂੰ ਤਾੜਨਾ ਕੀਤੀ ਗਈ। ਐਨਜੀਟੀ ਵੱਲੋਂ ਬਕਾਇਦਾ ਮਾਮਲਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਸਿਧਵਾਂ ਕਨਾਲ ਨਹਿਰ ਦੀ ਸਫਾਈ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸਦਾ ਉਦਘਾਟਨ ਖ਼ੁਦ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਕਰਕੇ ਗਏ ਸਨ।
ਲੋਕ ਸੁੱਟ ਰਹੇ ਕੂੜਾ: ਨਹਿਰ ਵਿਚੋਂ ਸਫਾਈ ਕਰਨ ਤੋਂ ਬਾਅਦ ਸੈਂਕੜੇ ਟਰੱਕ ਮਲਬਾ ਅਤੇ ਕੂੜਾ ਨਹਿਰ ਚੁੱਕ ਲਿਆ ਗਿਆ ਹੈ ਪਰ ਇਸਦੇ ਬਾਵਜੂਦ ਸਫਾਈ ਕਰਨ ਉਪਰੰਤ ਹੀ ਅਧਿਕਾਰੀਆਂ ਨੇ ਇਹ ਵੇਖਿਆ ਕਿ ਲੋਕ ਨਹਿਰ ਦੇ ਵਿੱਚ ਕੂੜਾ ਸੁੱਟਣ ਤੋਂ ਬਾਜ਼ ਨਹੀਂ ਆ ਰਹੇ, ਜਿਸ ਕਰਕੇ ਨਗਰ ਨਿਗਮ ਵੱਲੋਂ ਵਿਸ਼ੇਸ਼ ਤੌਰ ਉੱਤੇ ਇੱਕ ਟੀਮ ਵੀ ਬਣਾਈ ਗਈ, ਜਿਸ ਵਿਚ ਟਰੈਫਿਕ ਮਾਰਸ਼ਲ ਦੇ ਨਾਲ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ 30 ਮੈਂਬਰੀ ਇਹ ਟੀਮ ਦਿਨ ਰਾਤ ਹੁਣ ਨਹਿਰ ਦੇ ਚਾਰੇ ਪਾਸੇ ਨਜ਼ਰਸਾਨੀ ਹੈ। ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਪੜ੍ਹੇ ਲਿਖੇ ਲੋਕ ਵਹਿਮਾ ਭਰਮਾ ਦੇ ਵਿੱਚ ਆ ਕੇ ਨਹਿਰ ਦੇ ਵਿੱਚ ਕੂੜਾ ਸੁੱਟਦੇ ਨੇ ਪੂਜਾ ਵਾਲੀ ਸਮੱਗਰੀ ਸੁੱਟਦੇ ਨੇ ਅਤੇ ਜਦੋਂ ਉਨ੍ਹਾਂ ਵੱਲੋਂ ਰੋਕਿਆ ਜਾਂਦਾ ਹੈ ਤਾਂ ਲੜਾਈ ਕਰਦੇ ਨੇ।
ਕਿਵੇਂ ਕੰਮ ਕਰ ਰਹੀ ਟੀਮ: ਟੀਮ ਦੇ ਮੁਖੀ ਮਨਦੀਪ ਗੁੱਡੂ ਨੇ ਦੱਸਿਆ ਕਿ ਨਗਰ ਨਿਗਮ ਦੇ ਚੋਣ ਕਮਿਸ਼ਨਰ ਜਸਬੀਰ ਸਿੰਘ ਸੇਖੋਂ ਦੀ ਅਗਵਾਈ ਦੇ ਵਿੱਚ ਸਾਡੀ ਟੀਮ ਦਾ ਗਠਨ ਕੀਤਾ ਗਿਆ ਸੀ। ਹੁਣ ਅਸੀਂ ਸਵੇਰੇ 6 ਵਜੇ ਤੋਂ ਡਿਉਟੀ ਉੱਤੇ ਤੈਨਾਤ ਹੋ ਜਾਂਦੇ ਹਾਂ। ਸਾਰੇ ਹੀ ਵਲੰਟੀਅਰਾਂ ਦੇ ਕੋਲ ਮੋਬਾਈਲ ਹਨ ਜਦੋਂ ਵੀ ਕੋਈ ਕੂੜਾ ਕਰਕਟ ਨਹਿਰ ਵਿਚ ਸੁੱਟਦਾ ਹੈ ਤਾਂ ਉਸਦੀ ਸਬੂਤ ਵਜੋਂ ਵੀਡੀਓ ਬਣਾ ਲਈ ਜਾਂਦੀ ਹੈ। ਇਸ ਤੋਂ ਬਾਅਦ ਉਸ ਉੱਤੇ ਕਾਰਵਾਈ ਕੀਤੀ ਜਾਂਦੀ ਹੈ। ਮੌਕੇ ਉੱਤੇ ਸਮਝਾਇਆ ਜਾਂਦਾ ਹੈ ਅਤੇ ਉਸਨੂੰ ਮੌਕੇ ਉੱਤੇ ਸਜ਼ਾ ਦਿੱਤੀ ਜਾਂਦੀ ਹੈ ਅਤੇ ਜੇਕਰ ਕੋਈ ਫਿਰ ਵੀ ਨਹੀਂ ਹਟਦਾ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ। ਇਸ ਲਈ ਪੰਜ ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਵੀ ਲਗਾਇਆ ਜਾਂਦਾ ਹੈ। ਅਜਿਹਾ ਹੀ ਜੁਰਮਾਨਾ ਲਗਾਉਣ ਵਾਲੇ ਇਕ ਸ਼ਖਸ ਨੇ ਦੱਸਿਆ ਕਿ ਉਹਨਾਂ ਤੋਂ ਗਲਤੀ ਦੇ ਨਾਲ ਕੁਝ ਬਰੈੱਡ ਪੰਛੀਆਂ ਲਈ ਸੁੱਟੇ ਗਏ ਸੀ।
ਕੀ ਕਹਿੰਦਾ ਡਾਟਾ: ਨਜ਼ਰਸਾਨੀ ਟੀਮ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹਨਾਂ ਸਾਰਿਆਂ ਦਾ ਬਕਾਇਦਾ ਡਾਟਾ ਮੈਂਟੇਨ ਕੀਤਾ ਜਾ ਰਿਹਾ ਹੈ ਅਤੇ ਹੁਣ ਲੋਕ ਕਾਫੀ ਘਟਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਵੱਖ-ਵੱਖ ਕੈਟਾਗਿਰੀ ਦੇ ਮੁਤਾਬਕ ਡਾਟਾ ਰੱਖਿਆ ਹੋਇਆ ਹੈ, ਜਿਸਦੇ ਤਹਿਤ ਪੈਦਲ ਚੱਲ ਕੇ ਆਉਣ ਵਾਲੇ ਵੱਖਰੇ, 2 ਪਹੀਆ ਵਾਹਨ ਵਾਲੇ ਵੱਖਰੇ ਅਤੇ 4 ਪਹੀਆ ਵਾਹਨ ਵਾਲੇ ਵੱਖਰੇ ਲੋਕਾਂ ਦਾ ਜਿਨ੍ਹਾ ਵੱਲੋਂ ਨਿਹਰ ਚ ਕੂੜਾ ਸੁਟੇਆ ਜਾ ਰਿਹਾ ਹੈ ਉਨ੍ਹਾ ਦਾ ਡਾਟਾ ਮੈਂਟੇਨ ਕੀਤਾ ਜਾ ਰਿਹਾ ਹੈ। 18 ਜਨਵਰੀ ਨੂੰ ਪੈਦਲ ਅਤੇ ਸਾਇਕਲ ਤੇ 9 ਲੋਕਾਂ ਨੇ ਕੂੜਾ ਸੁੱਟਿਆ ਜਿੰਨਾ ਵਿੱਚ 3 ਮਹਿਲਾਵਾਂ ਸਨ, 2 ਲੋਕ 2 ਪਹਿਆਂ ਵਾਹਨ ਤੇ ਆਏ ਜਦੋਂ ਕੇ 1 ਕਾਰ ਵਿੱਚ ਆਇਆ। ਇਸੇ ਤਰਾਂ 19 ਜਨਵਰੀ ਨੂੰ 11 ਲੋਕਾਂ ਨੇ, 20 ਜਨਵਰੀ ਨੂੰ 14 ਲੋਕਾਂ ਨੇ, 21 ਜਨਵਰੀ ਨੂੰ 44 ਲੋਕਾਂ ਨੇ, 22 ਜਨਵਰੀ ਨੂੰ 30 ਲੋਕਾਂ ਨੇ, 23 ਜਨਵਰੀ ਨੂੰ 35 ਲੋਕਾਂ ਨੇ, 24 ਜਨਵਰੀ ਨੂੰ 24 ਅਤੇ 25 ਜਨਵਰੀ ਨੂੰ 21 ਲੋਕਾਂ ਨੇ ਨਹਿਰ ਵਿੱਚ ਕੂੜਾ ਸੁੱਟਿਆ।