ਲੁਧਿਆਣਾ: ਸੁੰਦਰ ਨਗਰ 'ਚ ਰੇਲਵੇ ਲਾਈਨ ਦੇ ਕੋਲ ਸਥਿਤ ਸਨਾਤਨ ਧਰਮ ਮੰਦਰ 'ਚ ਚੋਰਾਂ ਨੇ ਗੋਲਕ 'ਤੇ ਹੱਥ ਸਾਫ਼ ਕਰ ਲਿਆ ਹੈ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਚੋਰ ਪੈਸੇ ਲੈ ਕੇ ਫ਼ਰਾਰ ਹੋ ਗਏ ਜਿਸ ਬਾਰੇ ਸਵੇਰੇ ਜਦੋਂ ਪੰਡਤ ਜਦੋਂ ਮੰਦਿਰ ਪਹੁੰਚੇ ਅਤੇ ਮੰਦਰ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ, ਤਾਂ ਉਸ ਨੂੰ ਚੋਰੀ ਦਾ ਸ਼ੱਕ ਹੋਇਆ। ਇਸ ਤੋਂ ਬਾਅਦ ਗੋਲਕ ਦਾ ਤਾਲਾ ਟੁੱਟਿਆ ਪਾਇਆ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ 'ਤੇ ਲਾਉਣਾ ਸੀ ਚੜ੍ਹਾਵਾ: ਮੰਦਰ ਦੇ ਸੰਚਾਲਕ ਪੰਡਿਤ ਹਰੀਓਮ ਨੇ ਦੱਸਿਆ ਕਿ ਜਨਮ ਅਸ਼ਟਮੀ ਦੇ ਮੌਕੇ 'ਤੇ ਮੰਦਰ 'ਚ ਚੜ੍ਹਾਈ ਜਾਣ ਵਾਲੀ ਗੋਲਕ ਨੂੰ ਖੋਲ੍ਹਿਆ ਜਾਂਦਾ ਹੈ ਅਤੇ ਇਸ 'ਚੋਂ ਜੋ ਵੀ ਚੜਾਵਾ ਨਿਕਲਦਾ ਹੈ, ਉਸ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ 'ਚ ਲਗਾਇਆ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾ ਨੂੰ ਕਿਸੇ 'ਤੇ ਸ਼ੱਕ ਨਹੀਂ, ਪਰ ਜਿਸ ਨੇ ਵੀ ਅਜਿਹਾ ਕੀਤਾ ਹੈ, ਉਸ ਨੇ ਬਹੁਤ ਹੀ ਘਿਨਾਉਣੀ ਹਰਕਤ ਕੀਤੀ ਹੈ।
ਸੀਸੀਟੀਵੀ ਫੁਟੇਜ ਮਿਲੀ: ਸੰਚਾਲਕ ਪੰਡਿਤ ਹਰੀਓਮ ਨੇ ਦੱਸਿਆ ਕਿ ਇਹ ਮੰਦਿਰ 43 ਸਾਲ ਪੁਰਾਣਾ ਮੰਦਿਰ ਹੈ। ਚੋਰ ਅੰਦਰ ਆਏ ਅਤੇ ਗੋਲਕ ਦਾ ਤਾਲਾ ਤੋੜ ਕੇ ਪੈਸੇ ਚੋਰੀ ਕਰਕੇ ਲੈ ਗਏ ਹਨ। ਦਰਵਾਜ਼ਾ ਵੀ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਚੋਰ ਮੰਦਿਰਾਂ-ਗੁਰਦੁਆਰਿਆਂ ਨੂੰ ਨਹੀਂ ਛੱਡ ਰਹੇ, ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ। ਹੁਣ ਤਾਂ ਬਚਾਅ ਕਰਨਾ ਵੀ ਮੁਸ਼ਕਲ ਹੋਇਆ ਪਿਆ ਹੈ। ਪੰਡਿਤ ਨੇ ਦੱਸਿਆ ਕਿ ਚੋਰਾਂ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ: ਦੂਜੇ ਪਾਸੇ, ਮੌਕੇ ਉੱਤੇ ਪਹੁੰਚ ਕੇ ਥਾਣਾ ਸੁੰਦਰ ਨਗਰ ਦੇ ਏਐਸਆਈ ਨੇ ਮਾਮਲਾ ਦਰਜ ਕਰ ਲਿਆ ਹੈ। ਏਐਸਆਈ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਡੀਵੀਆਰ ਕੰਮ ਨਹੀਂ ਕਰ ਰਿਹਾ ਹੈ। ਪਰ, ਉਨ੍ਹਾਂ ਦੀ ਟੀਮ ਲੱਗੀ ਹੋਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਚੋਰਾਂ ਨੂੰ ਟ੍ਰੈਸ ਕਰ ਲਿਆ ਜਾਵੇਗਾ। ਧਿਆਨ ਯੋਗ ਹੈ ਕਿ ਲੁਧਿਆਣਾ ਵਿੱਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਪੈਦਲ ਚੱਲਣ ਵਾਲਿਆਂ ਨੂੰ ਵੀ ਨਹੀਂ ਛੱਡਦੇ, ਹੁਣ ਚੋਰ ਮੰਦਰਾਂ ਅਤੇ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ।