ਲੁਧਿਆਣਾ: ਲੁਧਿਆਣਾ ਵਾਸੀ 10 ਸਾਲਾਂ ਵੰਸ਼ ਦੀ ਇਹ ਵੀਡੀਓ 7 ਮਈ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ...ਜਿਸ ਵਿੱਚ ਉਹ ਸੜਦੀ ਧੁੱਪ 'ਚ ਗੱਲ 'ਚ ਟੋਕਰੀ ਪਾ ਕੇ ਸੜਕਾਂ 'ਤੇ ਜੁਰਾਬਾਂ ਵੇਚਦਾ ਨਜ਼ਰ ਆ ਰਿਹਾ ਹੈ। ਕੋਰੋਨਾ ਕਾਲ 'ਚ ਘਰ ਦਾ ਗੁਜਾਰਾ ਚਲਾਉਣ ਲਈ ਵੰਸ਼ ਨੇ ਜ਼ੁਰਾਬਾਂ ਵੇਚਣ ਦਾ ਕੰਮ ਸ਼ੁਰੂ ਕੀਤਾ ਤਾਂ ਜੋ ਪਰਿਵਾਰ ਦਾ ਢਿੱਡ ਭਰਿਆ ਜਾ ਸਕੇ। 1 ਵੀ ਪੈਸਾ ਵੱਧ ਲੈਣ ਤੋਂ ਇਨਕਾਰੀ ਇਹ ਬੱਚਾ ਗਰੀਬੀ ਦੇ ਬਾਵਜੂਦ ਮਾਂਪਿਆ ਦੀ ਸਿੱਖ ਸਦਕਾ ਪੂਰੀ ਇਮਾਨਦਾਰੀ ਨਾਲ ਵਿਕਰੀ ਕਰ ਰਿਹਾ ਸੀ।
3 ਭੈਣਾਂ, 1 ਭਰਾ ਤੇ ਮਾਤਾ ਪਿਤਾ ਦੇ ਨਾਲ 7 ਜੀਆਂ ਦੇ ਪਰਿਵਾਰ 'ਚ ਵੰਸ਼ ਸਭ ਤੋਂ ਛੋਟਾ ਹੈ। ਵੰਸ਼ ਦਾ ਪਰਿਵਾਰ ਬੀਤੇ ਕਈ ਸਾਲਾਂ ਤੋਂ ਲਗਾਤਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ। ਪਿਤਾ ਰਿਕਸ਼ਾ ਚਲਾ ਕੇ ਰੋਜ਼ੀ ਕਮਾਉਂਦੇ ਸਨ ਪਰ ਬੀਮਾਰ ਪੈਣ ਕਾਰਨ ਲੱਤਾਂ ਵਿੱਚ ਜਾਨ ਨਹੀਂ ਰਹੀ ਤੇ ਜੁਰਾਬਾਂ ਵੇਚਣ ਦਾ ਕੰਮ ਕਰਨ ਲੱਗੇ ਪਰ ਕੋਰੋਨਾ ਮਹਾਂਮਾਰੀ ਫੈਲਣ ਮਗਰੋਂ ਇਹ ਕੰਮਕਾਰ ਵੀ ਪੂਰੀ ਤਰ੍ਹਾਂ ਠੱਪ ਹੋ ਗਿਆ। ਵੰਸ਼ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਗੁਰਬੱਤ ਭਰੀ ਦੀ ਜਿੰਦਗੀ ਜੀਅ ਰਿਹਾ ਸੀ।
ਕੰਮ ਹੁੰਦਾ ਸੀ ਤਾਂ ਰੋਟੀ ਖਾਂਦੇ ਨਹੀਂ ਤਾਂ ਨਹੀਂ
ਵੰਸ਼ ਦੇ ਪਿਤਾ ਨੇ ਕਿਹਾ ਕਿ ਕਿਸੇ ਦੁਕਾਨ ਵਿੱਚ ਕੰਮ ਕਰਦਾ ਹੈ। ਕੋਰੋਨਾ ਕਾਰਨ ਸਾਰੇ ਕੰਮ ਬੰਦ ਹੋਣ ਕਾਰਨ ਉਸ ਦਾ ਭਰਾ ਕੰਮ ਉੱਤੇ ਨਹੀਂ ਜਾ ਰਿਹਾ ਸੀ ਫਿਰ ਘਰ ਦਾ ਗੁਜ਼ਾਰਾ ਚਲਾਉਣ ਵਿੱਚ ਵੰਸ਼ ਨੇ ਜ਼ੁਰਾਬਾ ਵੇਚਣ ਦਾ ਕੰਮ ਸ਼ੁਰੂ ਕੀਤਾ।
ਦੁਪਹਿਰ ਨੂੰ ਰੋਟੀ ਲਈ ਪੈਂਦਾ ਸੀ ਸੋਚਣਾ
ਵੰਸ਼ ਦੀ ਮਾਤਾ ਜੀ ਨੇ ਕਿਹਾ ਕਿ ਉਹ ਕਈ ਵਾਰ ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਇਹ ਨਹੀਂ ਪਤਾ ਹੁੰਦਾ ਸੀ ਕਿ ਸ਼ਾਮ ਦੀ ਰੋਟੀ ਵੀ ਨਸੀਬ ਹੋਵੇਗੀ ਜਾਂ ਨਹੀਂ। ਪਰ ਵੰਸ਼ ਜੋ ਕਿ ਘਰ ਦਾ ਸਭ ਤੋਂ ਛੋਟਾ ਬੱਚਾ ਹੈ ਉਸ ਨੇ ਹੀ ਪੂਰੇ ਪਰਿਵਾਰ ਦੀ ਕਿਸਮਤ ਨੂੰ ਰਾਤੋ ਰਾਤ ਬਦਲ ਦਿੱਤਾ।
ਕੈਪਟਨ ਨੇ ਵੰਸ਼ ਦੇ ਪਰਿਵਾਰ ਦੀ ਫੜੀ ਬਾਂਹ
ਵੰਸ਼ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਇੰਨੀ ਤੇਜੀ ਨਾਲ ਵਾਇਰਲ ਹੋਈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੀ ਉਸ ਦੇ ਭੋਲੇਪਣ ਤੇ ਇਮਾਨਦਾਰੀ ਦੇ ਮੁਰੀਦ ਹੋ ਗਏ। ਜਿਸ ਮਗਰੋਂ ਉਨ੍ਹਾਂ ਖ਼ੁਦ ਜ਼ਿਲ੍ਹੇ ਦੇ ਡੀਸੀ ਰਾਹੀਂ ਇਸ ਬੱਚੇ ਨਾਲ ਰਾਬਤਾ ਕੀਤਾ ਤੇ ਉਸ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ। ਮੁੱਖ ਮੰਤਰੀ ਨੇ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਮਾਲੀ ਮੱਦਦ ਦਿੱਤੀ ਤੇ ਵੰਸ਼ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਦੇ ਹੁਕਮਾਂ ਸਦਕਾ ਲੁਧਿਆਣਾ ਦੇ ਡੀਸੀ ਨੇ ਵੰਸ਼ ਨੂੰ 5ਵੀਂ ਜਮਾਤ 'ਚ ਦਾਖਲਾ ਕਰਵਾ ਦਿੱਤਾ ਤੇ ਪਰਿਵਾਰ ਨੂੰ 2 ਲੱਖ ਦਾ ਚੈਕ ਵੀ ਸੌਂਪਿਆ। ETV Bharat ਦੀ ਟੀਮ ਨਾਲ ਗੱਲ ਕਰਦੇ ਹੋਏ ਵੰਸ਼ ਨੇ ਕਿਹਾ ਕਿ ਹੁਣ ਉਹ ਜਰਾਬਾਂ ਵੇਚਣ ਦਾ ਕੰਮ ਨਹੀਂ ਕਰੇਗਾ ਤੇ ਸਕੂਲ ਜਾ ਕੇ ਪੜੇਗਾ।
ਵੰਸ਼ ਦੇ ਪਰਿਵਾਰ ਦੀ ਕੈਪਟਨ ਵੱਲੋਂ ਮਾਲੀ ਮਦਦ ਮਿਲਣ ਉੱਤੇ ਵੰਸ਼ ਦੇ ਮਾਪੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼ੋਸ਼ਲ ਮੀਡੀਆ ਉੱਤੇ ਵੀਡੀਓ ਬਣਾ ਕੇ ਪਾਉਣ ਵਾਲਾ ਦਾ ਧੰਨਵਾਦ ਕੀਤਾ।