ਲੁਧਿਆਣਾ: ਦਿੱਲੀ ਦੀਆਂ ਸਰਹੱਦਾਂ 'ਤੇ ਤਿੰਨ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਪ੍ਰਤੀ ਹਰ ਇੱਕ ਵਰਗ ਵਿੱਚ ਵੱਖਰਾ ਜਜ਼ਬਾ ਦੇਖਣ ਨੂੰ ਮਿਲ ਰਿਹਾ ਹੈ। ਇਸ ਸੰਘਰਸ਼ ਵਿੱਚ ਜਿੱਥੇ ਕਿਸਾਨ ਭਾਈਚਾਰਾ ਮੋਹਰੀ ਭੂਮਿਕਾ ਨਿਭਾ ਰਿਹਾ ਹੈ, ਉਥੇ ਮਜ਼ਦੂਰ ਵਰਗ ਵੀ ਇਸ ਕਿਸਾਨੀ ਮੋਰਚੇ ਦੀ ਡਟਵੀਂ ਹਮਾਇਤ ਕਰ ਰਿਹਾ। ਜਿਸ ਤਹਿਤ ਲੋਕਾਂ ਵਿੱਚ ਖ਼ਾਸਕਰ ਬੇਜ਼ਮੀਨੇ ਆਪਣੀ ਜ਼ਮੀਰ ਦੇ ਚੱਲਦੇ ਹਰ ਤਰੀਕੇ ਨਾਲ ਇਸ ਕਿਸਾਨੀ ਸੰਘਰਸ਼ ’ਚ ਸ਼ਮੂਲੀਅਤ ਕਰ ਰਹੇ ਹਨ।
ਅਜਿਹਾ ਹੀ ਪ੍ਰਗਟਾਵਾ ਕੀਤਾ ਹੈ ਰਾਏਕੋਟ ਦੇ ਵਸਨੀਕ ਨੌਜਵਾਨ ਰਾਜਦੀਪ ਸਿੰਘ ਖ਼ਾਲਸਾ ਨੇ ਜਿਨ੍ਹਾਂ ਇੱਕ ਦਿੱਗਜ ਫਿਲਮ ਕਲਾਕਾਰ ਅਜੇ ਦੇਵਗਨ ਦੀ ਗੱਡੀ ਨੂੰ ਰੋਕ ਜਿੱਥੇ ਲਾਹਨਤਾਂ ਪਾਈਆਂ, ਉੱਥੇ ਹੀ ਉਸ ਨੂੰ ਸਿੱਖੀ ਬਾਣੇ ਵਿੱਚ ਫ਼ਿਲਮਾਂ ਕਰਕੇ ਕਰੋੜਾਂ ਰੁਪਏ ਕਮਾਉਣ ਉਪਰੰਤ ਕਿਸਾਨੀ ਦੇ ਹੱਕ 'ਚ ਗੱਲ ਨਾ ਕਰਨ ਖ਼ਿਲਾਫ਼ ਵੰਗਾਰਿਆ। ਰਾਜਦੀਪ ਦਾ ਪਰਿਵਾਰ ਉਸ ਦੀ ਦਲੇਰੀ 'ਤੇ ਫਖ਼ਰ ਮਹਿਸੂਸ ਕਰ ਰਿਹਾ ਹੈ ਹਾਲਾਂਕਿ ਜਦੋਂ ਇਸ ਘਟਨਾ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਾਂ ਗ਼ਰੀਬ ਤੇ ਮਿਹਨਤਕਸ਼ ਪਰਿਵਾਰ ਕਾਫੀ ਡਰ ਗਿਆ ਅਤੇ ਕਾਫੀ ਦਹਿਸ਼ਤ ਵਿੱਚ ਸੀ, ਪ੍ਰੰਤੂ ਬਾਅਦ ਵਿੱਚ ਮਨਜਿੰਦਰ ਸਿੰਘ ਸਿਰਸਾ ਅਤੇ ਰਾਜਦੀਪ ਦੇ ਮਾਲਕ ਕਾਰੋਬਾਰੀ ਵੱਲੋਂ ਉਸ ਦੀ ਮਦਦ ਕਰਨ ਅਤੇ ਸ਼ਾਮ ਨੂੰ ਹੀ ਉਸਦੀ ਜ਼ਮਾਨਤ ਕਰਵਾਉਣ ਤੋਂ ਬਾਅਦ ਪਰਿਵਾਰ ਨੇ ਸੁੱਖ ਦਾ ਸਾਹ ਲਿਆ, ਜਦਕਿ ਮਾਤਾ ਨੂੰ ਸਕੂਨ ਤਾਂ ਆਪਣੇ ਪੁੱਤਰ ਨਾਲ ਫੋਨ 'ਤੇ ਗੱਲ ਕਰਨ ਉਪਰੰਤ ਹੀ ਮਿਲਿਆ।
ਇਹ ਵੀ ਪੜੋ: ਅਕਾਲੀ ਦਲ ਵੱਲੋਂ ਰੋਸ ਮੁਜ਼ਾਹਰਾ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਦੀਪ ਸਿੰਘ ਖ਼ਾਲਸਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਉਨ੍ਹਾਂ ਕੋਲ ਜ਼ਮੀਨ ਨਹੀਂ ਪਰ ਜ਼ਮੀਰ ਜਰੂਰ ਹੈ। ਉਹ ਗ਼ਰੀਬ ਤੇ ਮਿਹਨਤਕਸ਼ ਹਨ ਅਤੇ ਕਿਰਾਏ ਦੇ ਉਪਰ ਰਹਿਣ ਦੇ ਬਾਵਜੂਦ ਇਸ ਕਿਸਾਨੀ ਸੰਘਰਸ਼ ਦੀ ਡਟ ਕੇ ਹਮਾਇਤ ਕਰ ਰਹੇ ਹਨ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਜਦੀਪ ਪਿਛਲੇ 6-7 ਸਾਲਾਂ ਤੋਂ ਡਰਾਇਵਰੀ ਦੇ ਕਿੱਤੇ ਨਾਲ ਜੁੜਿਆ ਹੋਇਆ, ਜਦਕਿ ਉਹ ਚਾਰ ਕੁ ਸਾਲ ਪਹਿਲਾਂ ਹੀ ਸ੍ਰੀ ਹਜ਼ੂਰ ਸਾਹਿਬ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਪਿਛਲੇ 2 ਸਾਲਾਂ ਤੋਂ ਉਸ ਨੇ ਸਿੱਖੀ ਨਿਹੰਗ ਬਾਣੇ ਨੂੰ ਧਾਰਨ ਕੀਤਾ ਹੋਇਆ, ਰਾਜਦੀਪ ਸਿੰਘ ਖ਼ਾਲਸਾ ਸੁਭਾਅ ਪੱਖੋਂ ਬਹੁਤ ਹੀ ਨਰਮ ਸੁਭਾਅ ਦਾ ਮਾਲਕ ਹੈ ਕਦੇ ਵੀ ਕਿਸੇ ਨਾਲ ਜ਼ਿਆਦਤੀ ਨਾ ਆਪ ਕਰਦਾ ਹੈ ਅਤੇ ਨਾ ਹੀ ਕਿਸੇ ਵੱਲੋਂ ਕੀਤੀ ਜ਼ਿਆਦਤੀ ਨੂੰ ਬਰਦਾਸ਼ਤ ਕਰਦਾ। ਇਸੇ ਤਹਿਤ ਹੀ ਕਿਸਾਨੀ ਸੰਘਰਸ਼ ਤੋਂ ਪ੍ਰਭਾਵਤ ਹੋ ਕੇ ਉਸ ਦੇ ਅਦਾਕਾਰ ਅਜੇ ਦੇਵਗਨ ਨੂੰ ਵੰਗਾਰਿਆ।