ਲੁਧਿਆਣਾ: ਹਰਿਆਣਾ ਦੇ ਕਰਨਾਲ ਤੋਂ ਗ੍ਰਿਫਤਾਰ ਕੀਤੇ ਗਏ 4 ਸ਼ੱਕੀ ਦਹਿਸ਼ਤਗਰਦਾਂ ਵਿੱਚੋਂ ਇੱਕ ਲੁਧਿਆਣਾ ਨਾਲ ਸਬੰਧਿਤ ਹੈ। ਗ੍ਰਿਫਤਾਰ ਭੁਪਿੰਦਰ ਸਿੰਘ ਲੁਧਿਆਣਾ ਦੇ ਪਿੰਡ ਭੱਟੀਆ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਮੁਲਜ਼ਮ ਦੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਹੈ।
ਸਾਬਕਾ ਸਰਪੰਚ ਨਿਰਵੈਰ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਇੱਥੇ ਆਮ ਦੀ ਤਰ੍ਹਾਂ ਘਰ ਵਿੱਚ ਹੀ ਰਹਿੰਦਾ ਸੀ ਅਤੇ ਉਸ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਲੱਗੀ ਕਿ ਉਸ ਅਜਿਹੀਆਂ ਗਤੀਵਿਧੀਆਂ ਨਾਲ ਸਬੰਧਿਤ ਹੋਵੇਗਾ। ਸਾਬਕਾ ਸਰਪੰਚ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੀ ਕਦੇ ਪਿੰਡ ਵਿੱਚ ਕਿਸੇ ਨਾਲ ਕੋਈ ਲੜਾਈ ਤੱਕ ਨਹੀਂ ਦੇਖੀ ਗਈ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਭੁਪਿੰਦਰ ਗਰੀਨ ਲੈਂਡ ਸਕੂਲ ਵਿੱਚ ਪੜ੍ਹਿਆ ਹੈ। ਉਨ੍ਹਾਂ ਮੁਲਜ਼ਮ ਦੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਸਬੰਧਿਤ ਹੋਣ ਬਾਰੇ ਬੋਲਦਿਆਂ ਕਿਹਾ ਕਿ ਇਸ ਬਾਰੇ ਕਹਿਣਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਕਿਸ ਤਰ੍ਹਾਂ ਬਣੇ ਹਨ ਕਿਹਾ ਨਹੀਂ ਜਾ ਸਕਦਾ ਹੈ।
ਮੁਲਜ਼ਮ ਦੇ ਇਸ ਤਰ੍ਹਾਂ ਦੀ ਗਤੀਵਿਧੀ ਵਿੱਚ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਦਾ ਭਾਰੀ ਇਕੱਠ ਭੁਪਿੰਦਰ ਸਿੰਘ ਦੇ ਘਰ ਬਾਹਰ ਹੋਇਆ ਵਿਖਾਈ ਦਿੱਤਾ। ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਜਾਂਚ ਲਈ ਪੁਲਿਸ ਵੀ ਪਿੰਡ ਵਿੱਚ ਮੁਲਜ਼ਮ ਦੇ ਘਰ ਵਿੱਚ ਪਹੁੰਚੀ। ਇਸ ਮੌਕੇ ਪੁਲਿਸ ਅਧਿਕਾਰੀ ਵੱਲੋਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਉਸਦੇ ਘਰ ਵਿੱਚ ਦਾਖਲ ਹੋ ਗਈ।
ਕਿਸੇ ਸ਼ੱਕੀ ਵਸਤੂ ਨੂੰ ਲੈਕੇ ਪੁਲਿਸ ਵੱਲੋਂ ਮੁਲਜ਼ਮ ਘਰ ਦੇ ਆਲੇ ਦੁਆਲੇ ਵਿੱਚ ਜਾਂਚ ਕੀਤੀ ਗਈ ਹੈ। ਉਨ੍ਹਾਂ ਮੁਲਜ਼ਮ ਦੇ ਪਰਿਵਾਰ ਬਾਰੇ ਦੱਸਦਿਆਂ ਕਿਹਾ ਕਿ ਉਸਦੇ ਪਰਿਵਾਰ ਵਿੱਚ ਉਸਦੇ ਮਾਤਾ ਪਿਤਾ ਅਤੇ ਇੱਕ ਭੈਣ ਹੈ ਜੋ ਕਿ ਚੰਗੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਗ੍ਰਿਫਤਾਰ ਮੁਲਜ਼ਮ ਬੱਬਰ ਖਾਲਸਾ ਨਾਲ ਸਬੰਧਿਤ ਦੱਸੇ ਜਾ ਰਹੇ ਹਨ।
ਦੱਸ ਦਈਏ ਕਿ ਹਰਿਆਣਾ ਦੇ ਕਰਨਾਲ ਤੋਂ IB ਦੀ ਇਨਪੁਟ ਉੱਤੇ ਹਰਿਆਣਾ ਪੁਲਿਸ ਨੇ ਚਾਰ ਸ਼ੱਕੀ ਦਹਿਸ਼ਤਗਰਦ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਕੋਲੋਂ ਵੱਡੀ ਮਾਤਰਾ 'ਚ ਗੋਲੀਆਂ ਅਤੇ ਬਾਰੂਦ ਦੇ ਡੱਬੇ ਵੀ ਬਰਾਮਦ ਹੋਏ ਹਨ। ਹਰਿਆਣਾ ਪੁਲਿਸ ਨੇ ਇੰਨ੍ਹਾਂ ਨੂੰ ਮਧੂਬਨ ਥਾਣਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਹੈ।
ਕਰਨਾਲ ਦੇ ਐਸਐਸਪੀ ਨੇ ਦੱਸਿਆ ਕਿ ਹੁਣ ਤੱਕ ਦੀ ਪੁੱਛਗਿੱਛ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮ ਪੰਜਾਬ ਦੇ ਹੀ ਵਸਨੀਕ ਹਨ। ਬਰਾਮਦ ਕੀਤੇ ਗਏ ਬਾਰੂਦ ਦੀ ਜਾਂਚ ਕਰਨ ਅਤੇ ਨਸ਼ਟ ਕਰਨ ਲਈ ਬੰਬ ਦਸਤੇ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ। ਦੱਸ ਦਈਏ ਕਿ ਇਹ ਪੰਜਾਬ ਅਤੇ ਹਰਿਆਣਾ ਪੁਲਿਸ ਦਾ ਸਾਂਝਾ ਆਪ੍ਰੇਸ਼ਨ ਸੀ।
ਇਹ ਵੀ ਪੜ੍ਹੋ: ਕਰਨਾਲ ਤੋਂ ਫਿਰੋਜ਼ਪੁਰ ਦੇ ਫੜ੍ਹੇ ਦਹਿਸ਼ਗਰਦ ਬਾਰੇ ਵੇਖੋ ਕੀ ਬੋਲੀ ਪਤਨੀ ਤੇ ਪਿੰਡ ਵਾਸੀ ?