ਲੁਧਿਆਣਾ : ਮਾਛੀਵਾੜਾ ਸਾਹਿਬ ਉਹ ਸ਼ਹਿਰ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਡੇਰਾ ਲਾਇਆ ਸੀ। ਧਾਰਮਿਕ ਪਿਛੋਕੜ ਰੱਖਣ ਵਾਲਾ ਇਹ ਸ਼ਹਿਰ ਪੂਰੀ ਤਰ੍ਹਾਂ ਗੰਦਗੀ ਦੇ ਹਵਾਲੇ ਹੋ ਚੁੱਕਿਆ ਹੈ। ਸ਼ਹਿਰ ਵਾਸੀ ਇਸ ਗੰਦਗੀ ਵਿੱਚ ਰਹਿਣ ਲਈ ਮਜਬੂਰ ਹਨ। ਸ਼ਹਿਰ ਦੇ ਲੋਕਾਂ ਨੇ ਦੱਸਿਆ ਕਿ ਇੱਥੋਂ ਦੇ ਮਸ਼ਹੂਰ ਗੁਰਦੁਆਰਿਆਂ ਦੇ ਬਾਹਰ ਵੀ ਸੜਕਾਂ ਬਿਲਕੁਲ ਖ਼ਰਾਬ ਹਨ।
ਇਸ ਬਾਰੇ ਜਦੋਂ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਇਸ ਨੂੰ ਸਬੰਧਿਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਪਰ ਕੋਈ ਵੀ ਇਸ ਨੂੰ ਨਹੀਂ ਸੁਣਦਾ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਤੇ ਲੱਦਾਖ ਹੋਣਗੇ ਕੇਂਦਰ ਸ਼ਾਸਿਤ ਪ੍ਰਦੇਸ਼, ਮਤਾ ਪਾਸ
ਕੁੱਝ ਲੋਕਾਂ ਨੇ ਗੱਲ ਕਰਦਿਆਂ ਕਿਹਾ ਕਿ ਜਿਸ ਜਗ੍ਹਾ ਦੇ ਉੱਤੇ ਨਗਰ ਕੌਂਸਲ ਦੁਆਰਾ ਗੰਦਗੀ ਫੈਲਾ ਰੱਖੀ ਹੈ ਉਸ ਜਗ੍ਹਾ 'ਤੇ ਗ਼ਰੀਬ ਬਸਤੀ ਹੈ। ਇਸੇ ਕਰਕੇ ਕੋਈ ਵੀ ਅਧਿਕਾਰੀ ਇਸ ਦੀ ਸਫਾਈ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸ਼ਹਿਰ ਵਿੱਚ ਫੈਲੀ ਗੰਦਗੀ ਨੂੰ ਸਾਫ਼ ਕੀਤਾ ਜਾਵੇ ਅਤੇ ਟੁੱਟੀਆਂ ਸੜਕਾਂ ਨੂੰ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਾਡੀ ਮੰਗ ਪੂਰੀ ਨਾ ਕੀਤੀ ਗਈ ਤਾਂ ਅਸੀਂ ਨਗਰ ਕੌਂਸਲ ਅਤੇ ਸਰਕਾਰ ਨੂੰ ਸੁੱਤੀ ਨੀਂਦੋਂ ਜਗਾਉਣ ਲਈ ਹਰ ਸੰਭਵ ਯਤਨ ਕਰਾਂਗੇ।