ਲੁਧਿਆਣਾ: 2022 ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਵੱਡੀ ਸਿਆਸੀ ਹਿਲਜੁਲ ਵੇਖਣ ਨੂੰ ਮਿਲ ਰਹੀ ਹੈ। ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2022 ਦੀਆਂ ਚੋਣਾਂ ਤੋਂ ਪਹਿਲਾਂ ਅਹੁਦੇ ਤੋਂ ਲਾਂਭੇ ਹੋਏ ਅਤੇ ਫਿਰ ਵਿਧਾਨਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਦੇ ਕਈ ਸਾਬਕਾ ਮੰਤਰੀ ਅਤੇ ਵੱਡੇ ਲੀਡਰ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ। ਇਸ ਨਾਲ ਪੂਰੇ ਪੰਜਾਬ ਸਣੇ ਦੇਸ਼ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ 2024 ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਸੀ। 30 ਜਨਵਰੀ ਨੂੰ ਭਾਰਤ ਜੋੜੇ ਯਾਤਰਾ ਸ਼੍ਰੀ ਨਗਰ ਵਿੱਚ ਸੰਪੰਨ ਹੋਵੇਗੀ ਅਤੇ ਇਸ ਯਾਤਰਾ ਨੂੰ ਕਾਂਗਰਸ ਲਈ ਸੰਜੀਵਨੀ ਮੰਨਿਆਂ ਜਾ ਰਿਹਾ ਹੈ, ਪਰ ਪੰਜਾਬ ਵਿੱਚ ਇਸ ਦਾ ਕਿੰਨਾ ਕੁ ਅਸਰ ਹੋਵੇਗਾ, ਇਹ ਤਾਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾ।
ਕੀ ਸਿੱਧੂ ਵੀ ਹੋਣਗੇ ਇਸ ਯਾਤਰਾ ਵਿੱਚ ਸ਼ਾਮਿਲ: ਨਵਜੋਤ ਸਿੰਘ ਸਿੱਧੂ ਦੀ ਜੇਕਰ 26 ਜਨਵਰੀ ਨੂੰ ਰਿਹਾਈ ਹੁੰਦੀ ਹੈ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ 30 ਜਨਵਰੀ ਨੂੰ ਸ਼੍ਰੀਨਗਰ ਵਿੱਚ ਸੰਪੰਨ ਹੋ ਰਹੀ ਭਾਰਤ ਜੋੜੋ ਯਾਤਰਾ ਦਾ ਹਿੱਸਾ ਬਣਨਗੇ। ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡਲਾ ਨੇ ਕਿਹਾ ਹੈ ਕਿ ਜੇਕ ਸਿੱਧੂ ਰਿਹਾਅ ਹੁੰਦੇ ਹਨ ਤਾਂ ਇਸ ਯਾਤਰਾ ਵਿੱਚ ਨਜ਼ਰ ਆਉਣਗੇ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਯਾਤਰਾ ਲਈ ਸੱਦਾ ਦਿੱਤਾ ਗਿਆ ਹੈ। ਇਹ ਬਾਰੇ ਵੀ ਉਨ੍ਹਾਂ ਨੂੰ ਮੀਡੀਆ ਤੋਂ ਹੀ ਪਤਾ ਲੱਗਾ ਹੈ।
ਇਹ ਵੀ ਪੜ੍ਹੋ: Kunwar Vijay Pratap Resigned : ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦਿੱਤਾ ਅਸਤੀਫਾ, ਜਾਣੋ ਕਾਰਨ
ਸਿੱਧੂ ਦੀ ਸਿਹਤ ਨੂੰ ਲੈਕੇ ਖੁਲਾਸਾ: ਸੁਰਿੰਦਰ ਡੱਲਾ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਸਿਹਤ ਨੂੰ ਲੈ ਕੇ ਵੀ ਖੁਲਾਸਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦਾ ਵਜ਼ਨ ਜੇਲ੍ਹ ਵਿੱਚ ਰਹਿੰਦਿਆਂ ਕਾਫੀ ਘਟਿਆ ਹੈ। ਹੁਣ ਜਦੋਂ ਉਹ ਪਟਿਆਲਾ ਜੇਲ੍ਹ ਗਏ ਸਨ ਉਦੋਂ ਉਨ੍ਹਾਂ ਦੀ ਤਬੀਅਤ ਜ਼ਰੂਰ ਖਰਾਬ ਸੀ, ਜਿਸ ਕਰਕੇ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਰ ਹੁਣ ਉਨ੍ਹਾਂ ਦੀ ਸਿਹਤ ਠੀਕ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਨਵਜੋਤ ਸਿੱਧੂ ਨੂੰ ਡਾਈਟ ਪਲਾਨ ਵੀ ਦੱਸਿਆ ਹੋਇਆ ਹੈ, ਜੇਕਰ ਉਹ ਉਸ ਮੁਤਾਬਕ ਚਲਦੇ ਰਹਿਣਗੇ ਤਾਂ ਸਿਹਤਮੰਦ ਰਹਿਣਗੇ।
ਮਨਪ੍ਰੀਤ ਬਾਦਲ ਦਾ ਝੱਟਕਾ: ਪੰਜਾਬ ਕਾਂਗਰਸ ਨੂੰ ਹੁਣੇ ਹੀ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਬੀਜੇਪੀ ਵਿੱਚ ਜਾਣ ਨਾਲ ਵੱਡਾ ਝਟਕਾ ਲੱਗਾ ਹੈ। ਮਨਪ੍ਰੀਤ ਬਾਦਲ ਕਾਂਗਰਸ ਦੀ ਸਰਕਾਰ ਵੇਲੇ ਪਹਿਲੇ ਚਾਰ ਤਾਕਤਵਰ ਕੈਬਿਨੇਟ ਮੰਤਰੀਆਂ ਵਿੱਚੋਂ ਇੱਕ ਸਨ। ਹੁਣ ਉਨ੍ਹਾਂ ਵੱਲੋਂ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜਨ ਨਾਲ ਕਾਂਗਰਸ ਲਈ ਕਾਫ਼ੀ ਵੱਡਾ ਝਟਕਾ ਸੀ। ਇਹ ਵੀ ਮੰਨਿਆ ਜਾ ਰਿਹਾ ਸੀ ਕਿ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਦੀ ਆਪਸ ਵਿਚ ਕੋਈ ਬਹੁਤੀ ਚੰਗੀ ਗੱਲਬਾਤ ਨਾ ਹੋਣਾ ਵੀ ਇਸ ਦਾ ਵਡਾ ਕਾਰਨ ਸੀ ਕਿ ਉਹ ਬੀਜੇਪੀ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਦੇ ਆਪਣੇ ਹੀ ਹਲਕੇ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਅਸਿੱਧੇ ਤੌਰ ਉੱਤੇ ਹੋਰਨਾਂ ਪਾਰਟੀਆਂ ਦੇ ਆਗੂਆਂ ਦੀ ਮਦਦ ਕਰਨ ਦੇ ਵੀ ਮਨਪ੍ਰੀਤ ਬਾਦਲ ਦੇ ਇਲਜ਼ਾਮ ਲਗਾਏ ਸਨ ਹਾਲਾਂਕਿ ਇਸ ਤੋਂ ਬਾਅਦ ਉਹ ਖੁਦ ਵੀ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ।
ਭਾਰਤ ਜੋੜੋ ਯਾਤਰਾ ਦੇ ਮਾਇਨੇ: ਪੰਜਾਬ ਵਿੱਚ ਭਾਰਤ ਜੋੜੇ ਯਾਤਰਾ ਦੇ ਸਿਆਸੀ ਪੱਖ ਤੋਂ ਕਈ ਵੱਡੇ ਮਾਇਨੇ ਹਨ। ਜਦੋਂ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਹੋਈ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ, ਜਿਸ ਤੋਂ ਬਾਅਦ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਇਆ ਗਿਆ। ਵੜਿੰਗ ਲਗਾਤਾਰ ਭਾਰਤ ਜੋੜੋ ਯਾਤਰਾ ਦੇ ਨਾਲ ਹਨ। ਜੇਕਰ ਨਵਜੋਤ ਸਿੰਘ ਸਿੱਧੂ ਗਣਤੰਤਰ ਦਿਹਾੜੇ ਤੋਂ ਬਾਅਦ ਜੇਲ ਤੋਂ ਬਾਹਰ ਆ ਜਾਂਦੇ ਨੇ ਅਤੇ ਉਹ ਇਸ ਯਾਤਰਾ ਵਿਚ ਹਿੱਸਾ ਲੈਂਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਲਈ ਇਕ ਵੱਡੀ ਜ਼ਿੰਮੇਵਾਰੀ ਵੀ ਮਿਲ ਸਕਦੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਆਦਮਪੁਰ ਵਿੱਚ ਜਦੋਂ ਭਾਰਤ ਜੋੜੋ ਯਾਤਰਾ ਪਹੁੰਚੀ ਸੀ ਤਾਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਯਾਤਰਾ ਵਿੱਚ ਹਿੱਸਾ ਲਿਆ ਸੀ। ਜਿਸ ਤਰ੍ਹਾਂ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਕਾਂਗਰਸ ਛੱਡ ਚੁੱਕੇ ਨੇ ਅਤੇ ਮਨਪ੍ਰੀਤ ਬਾਦਲ ਵਰਗੇ ਭਾਜਪਾ ਦੀ ਸ਼ਾਮਿਲ ਹੋ ਕੇ ਇਹੋ ਜਿਹੇ ਜੇ ਕਾਂਗਰਸ ਵਿੱਚ ਮੁੜ ਜੋਸ਼ ਪੈਦਾ ਕਰਨ ਲਈ ਨਵਜੋਤ ਸਿੰਘ ਸਿੱਧੂ ਇਕ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ।