ਲੁਧਿਆਣਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੂਰੇ ਵਿਸ਼ਵ ਭਰ 'ਚ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਇਸ ਦੇ ਤਹਿਤ ਹੀ ਕਈ ਸਕੂਲਾਂ,ਕਾਲਜਾਂ ਵਿੱਚ ਵੀ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਇੱਕ ਕਾਲਜ ਦੇ ਸਮਾਗਮ ਵਿੱਚ ਪੰਜਾਬੀ ਸਾਹਿਤ ਦੇ ਉੱਘੇ ਕਵੀ ਸੁਰਜੀਤ ਪਾਤਰ ਪੁੱਜੇ ਜਿੱਥੇ ਉਨ੍ਹਾਂ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜਾਬੀ ਸਾਹਿਤ ਵਿੱਚ ਵੱਡਾ ਯੋਗਦਾਨ ਹੈ ਕਿਉਂਕਿ ਉਨ੍ਹਾਂ ਨੇ ਗੁਰਬਾਣੀ ਵਿੱਚ ਆਪਣੇ ਆਪ ਨੂੰ ਵੀ ਸ਼ਾਇਰ ਦੱਸਿਆ ਹੈ।
ਇਹ ਵੀ ਪੜ੍ਹੋ: 550ਵਾਂ ਪ੍ਰਕਾਸ਼ ਪੁਰਬ: PM ਮੋਦੀ ਨੇ ਥਾਈਲੈਂਡ ਵਿੱਚ ਜਾਰੀ ਕੀਤਾ ਯਾਦਗਾਰੀ ਸਿੱਕਾ
ਇਸ ਮੌਕੇ ਸੁਰਜੀਤ ਪਾਤਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਲਿਖਤਾਂ ਅੱਜ ਵੀ ਸਾਨੂੰ ਵੱਡੇ ਸੁਨੇਹੇ ਦਿੰਦੀਆਂ ਹਨ। ਇਸ ਦੇ ਨਾਲ ਹੀ ਇੱਕ ਦੇਸ਼ ਇੱਕ ਭਾਸ਼ਾ ਦੇ ਮੁੱਦੇ ਤੇ ਉਨ੍ਹਾਂ ਨੇ ਕਿਹਾ ਕਿ ਸਾਰੀਆਂ ਭਾਸ਼ਾਵਾਂ ਹੀ ਬੜੀਆਂ ਖੁਬਸੂਰਤ ਹਨ ਅਤੇ ਆਪਣੀ ਮਹੱਤਤਾ ਰੱਖਦੀਆਂ ਹਨ, ਪਰ ਕਿਸੇ ਭਾਸ਼ਾ ਨੂੰ ਧੱਕੇ ਨਾਲ ਲਾਗੂ ਕਰਨਾ ਸਹੀ ਨਹੀਂ। ਭਾਸ਼ਾ ਅਤੇ ਸੱਭਿਆਚਾਰ ਦੀ ਗੱਲ ਤੇ ਉਨ੍ਹਾ ਕਿਹਾ ਕਿ ਇਨ੍ਹਾਂ ਦੋਵਾਂ ਦਾ ਕੋਈ ਮੁਕਾਬਲਾ ਨਹੀਂ, ਸੱਭਿਆਚਾਰ ਭਾਸ਼ਾ ਅਤੇ ਧਰਮ ਦੇ ਸੁਮੇਲ ਨਾਲ ਬਣਦਾ ਹੈ ਅਤੇ ਕਿਸੇ ਵੀ ਸੱਭਿਆਚਾਰ ਦੀ ਪਛਾਣ ਉਸ ਦੀ ਭਾਸ਼ਾ ਤੋਂ ਹੁੰਦੀ ਹੈ।