ਲੁਧਿਆਣਾ: ਪੰਜਾਬ ਦੇ ਨੌਜਵਾਨਾਂ (Youth of Punjab) ਦੇ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਵਸਣ ਦੀ ਜਿੱਥੇ ਇੱਕ ਹੋੜ ਲੱਗੀ ਹੋਈ ਹੈ, ਉੱਥੇ ਹੀ ਲੁਧਿਆਣੇ ਦਾ ਸੁਖਚੈਨ ਸਿੰਘ ਜਿਸ ਦੀ ਉਮਰ 60 ਸਾਲ ਤੋਂ ਵਧੇਰੇ ਹੈ, ਉਹ ਅਜਿਹੇ ਨੌਜਵਾਨਾਂ ਲਈ ਇੱਕ ਵੱਡੀ ਉਦਾਹਰਣ ਬਣ ਗਿਆ ਹੈ, ਜੋ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕੁੱਝ ਵੀ ਨਹੀਂ ਰੱਖਿਆ। ਸੁਖਚੈਨ ਸਿੰਘ ਅਮਰੀਕਾ ਕੈਨੇਡਾ ਘੁੰਮਣ (Traveling USA Canada) ਤੋਂ ਬਾਅਦ ਪੰਜਾਬ ਪਰਤ ਕੇ ਲੋਕਾਂ ਨੂੰ ਚੁੱਲ੍ਹੇ ‘ਤੇ ਬਣੇ ਰਾਜਮਾਂਹ, ਕੜ੍ਹੀ ਚਾਵਲ, ਚਾਟੀ ਦੀ ਲੱਸੀ ਅਤੇ ਪੁਦੀਨੇ ਦੀ ਚਟਨੀ ਖਵਾਉਂਦਾ ਹੈ ਅਤੇ ਨਾਲ ਹੀ ਨੌਜਵਾਨਾਂ ਨੂੰ ਕਹਿ ਰਿਹਾ ਹੈ ਕਿ ਜਦੋਂ ਕਿਰਤ ਕਰਨੀ ਹੈ ਤਾਂ ਸ਼ਰਮ ਕਿਸ ਗੱਲ ਦੀ ਹੈ।
ਇੱਕ ਸਾਲ ਤੋਂ ਕਰ ਰਿਹੈ ਕੰਮ: ਸੁਖਚੈਨ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਨੇੜਲੇ ਪਿੰਡ ਦਾ ਹੀ ਰਹਿਣ ਵਾਲਾ ਹੈ ਅਤੇ ਸਵੇਰੇ ਤੜਕਸਾਰ ਉੱਠ ਕੇ ਉਹ ਅਤੇ ਉਸ ਦਾ ਪਰਿਵਾਰ ਚੁੱਲ੍ਹੇ ‘ਤੇ ਕੜੀ, ਰਾਜਮਾ ਚਾਵਲ ਬਣਾਉਂਦੇ ਹਨ। ਉਸ ਤੋਂ ਬਾਅਦ ਚਾਟੀ ਦੀ ਲੱਸੀ ਤਿਆਰ ਕਰਦੇ ਹਨ ਅਤੇ ਫਿਰ ਸਾਰਾ ਕੰਮ ਨਿਬੇੜਨ ਤੋਂ ਬਾਅਦ ਉਹ ਆਪਣੀ ਪੁਰਾਣੀ ਗੱਡੀ ਚੁੱਕ ਕੇ ਸ਼ਹਿਰ ਆ ਜਾਂਦੇ ਹਨ ਅਤੇ ਲੋਕਾਂ ਨੂੰ ਇਹ ਖਾਣਾ ਖਵਾਉਂਦੇ ਹਨ।
ਟਰਾਂਸਪੋਰਟ ਦਾ ਕੰਮ ਛੱਡਿਆ: ਸੁਖਚੈਨ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਟਰਾਂਸਪੋਰਟ (Transport) ਦਾ ਕੰਮ ਕਰਦਾ ਸੀ। ਇਸ ਤੋਂ ਇਲਾਵਾ ਉਨ੍ਹਾਂ ਬੱਸ ਵੀ ਡਰਾਇਵਰੀ ਵੀ ਕੀਤੀ ਹੈ, ਪਰ ਇਹ ਕੰਮ ਕਾਫ਼ੀ ਸਾਲ ਪਹਿਲਾਂ ਉਨ੍ਹਾਂ ਨੇ ਛੱਡ ਕੇ ਬਾਹਰ ਜਾਣ ਦਾ ਸੋਚਿਆ ਅਤੇ ਫਿਰ ਉਹ ਅਮਰੀਕਾ ਤੇ ਕੈਨੇਡਾ ਘੁੰਮ ਕੇ ਆਏ ਅਤੇ ਫਿਰ ਇੱਥੇ ਆ ਕੇ ਪੰਜਾਬ ‘ਚ ਹੀ ਇਹ ਕੰਮ ਸ਼ੁਰੂ ਕੀਤਾ, ਉਨ੍ਹਾਂ ਦੱਸਿਆ ਕਿ ਇਸ ਕੰਮ ਵਿੱਚ ਉਹ ਸ਼ਰਮ ਨਹੀਂ ਕਰਦੇ।
ਅਮਰੀਕਾ ਕੈਨੇਡਾ ਛੱਡ ਪਰਤੇ ਪੰਜਾਬ : ਗੁਰਸਿੱਖ ਬਜ਼ੁਰਗ ਸੁਖਚੈਨ ਸਿੰਘ ਦੱਸਦੇ ਹਨ ਕਿ ਉਹ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਵੀ ਘੁੰਮ ਕੇ ਆਏ ਹਨ, ਉਹ ਉੱਥੇ ਵੀ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਪੰਜਾਬ ਦੇ ਨੌਜਵਾਨ ਬਾਹਰ ਜਾ ਕੇ ਛੋਟੇ ਤੋਂ ਛੋਟਾ ਕੰਮ ਵੀ ਕਰ ਲੈਂਦੇ ਹਨ, ਪਰ ਇੱਥੇ ਉਨ੍ਹਾਂ ਨੂੰ ਕੰਮ ਕਰਨ ਵਿੱਚ ਸ਼ਰਮ ਆਉਂਦੀ ਹੈ, ਜਿਸ ਕਰਕੇ ਉਹ ਅਜਿਹੇ ਕੰਮਾਂ ਨੂੰ ਹੱਥ ਨਹੀਂ ਪਾਉਂਦੇ ਅਤੇ ਲੱਖਾਂ ਰੁਪਿਆ ਬਰਬਾਦ ਕਰਕੇ ਬਾਹਰ ਚਲੇ ਜਾਂਦੇ ਹਨ।
ਉਧਰ ਸੁਖਚੈਨ ਸਿੰਘ ਦੇ ਕੜ੍ਹੀ ਚਾਵਲ, ਰਾਜਮਾ ਚਾਵਲ ਅਤੇ ਚਾਟੀ ਦੀ ਲੱਸੀ ਹਰੀ ਚਟਨੀ ਖਾ ਕੇ ਗਾਹਕ ਵੀ ਬਾਗੋ ਬਾਗ ਹੋ ਜਾਂਦੇ ਹਨ, ਇਸ ਮੌਕੇ ਗਾਹਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਜਿਹਾ ਖਾਣਾ ਨਹੀਂ ਖਾਧਾ ਜੋ ਪਿੰਡ ਵਿੱਚ ਚੁੱਲ੍ਹੇ ਤੇ ਤਿਆਰ ਕੀਤਾ ਹੋਵੇ, ਇਸ ਦਾ ਸੁਆਦ ਹੀ ਵੱਖਰਾ ਹੈ ਅਤੇ ਬਹੁਤ ਘੱਟ ਕੀਮਤ ‘ਤੇ ਉਨ੍ਹਾਂ ਨੂੰ ਢਿੱਡ ਭਰ ਕੇ ਖਾਣਾ ਖਾਣ ਨੂੰ ਮਿਲਦਾ ਹੈ।
ਇਹ ਵੀ ਪੜ੍ਹੋ:ਸਕੂਟਰੀ ਸਵਾਰ ਮਹਿਲਾ ਨੂੰ ਟਰੱਕ ਚਾਲਕ ਨੇ ਬੁਰੀ ਤਰ੍ਹਾ ਕੁਚਲਿਆ, ਹੋਈ ਮੌਤ