ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁੱਕਰਵਾਰ ਨੂੰ ਛਪਾਰ ਮੇਲੇ ਮੌਕੇ ਸਿਆਸੀ ਸਟੇਜ ਸਜਾਈ ਗਈ। ਇਸ ਮੌਕੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਵੀ ਮੌਜੂਦ ਰਹੇ। ਇਸ ਮੌਕੇ ਦੋਵੇਂ ਆਗੂ ਕਾਂਗਰਸ ਉੱਤੇ ਜੰਮ ਕੇ ਨਿਸ਼ਾਨੇ ਵਿੰਨ੍ਹਦੇ ਵੇਖੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਾਖਾ ਜ਼ਿਮਨੀ ਚੋਣ ਛੱਡ ਕੇ ਲੋਕਾਂ ਨਾਲ ਧੋਖਾ ਕੀਤਾ।
ਉਧਰ ਬਿਕਰਮ ਮਜੀਠੀਆ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਕੌਰੀਡੋਰ ਜਾਣ ਲਈ 20 ਡਾਲਰ ਸਰਵਿਸ ਫੀਸ ਰੱਖੀ ਗਈ ਹੈ ਜੋ ਕਿ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁੱਝ ਕਰਨਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਐਚ ਐਸ ਫੂਲਕਾ ਨੇ ਦਾਖਾ ਦੀ ਸੀਟ ਛੱਡ ਕੇ ਲੋਕਾਂ ਨਾਲ ਧੋਖਾ ਕੀਤਾ ਹੈ।
ਇਹ ਵੀ ਪੜ੍ਹੋ: ਵਿਅਕਤੀ ਦਾ ਕੱਟਿਆ 2 ਲੱਖ 500 ਦਾ ਚਲਾਨ, ਤੋੜੇ ਸਾਰੇ ਰਿਕਾਰਡ
ਬਿਕਰਮ ਮਜੀਠੀਆ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਉੱਤੇ ਪਾਕਿਸਤਾਨ ਜੋ ਜਜ਼ੀਆ ਲਾਉਣ ਦੀ ਫਿਰਾਕ ਵਿੱਚ ਹੈ, ਉਹ ਕਿਸੇ ਵੀ ਹਾਲਤ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਕਾਲੀ ਦਲ ਕੇਂਦਰ ਸਰਕਾਰ ਨਾਲ ਵੀ ਰਾਬਤਾ ਕਾਇਮ ਕਰੇਗਾ। ਇਸ ਮੌਕੇ ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਬੀਤੇ ਸਾਲਾਂ ਦੀ ਕਾਰਗੁਜ਼ਾਰੀ ਵਿੱਚ ਲੋਕਾਂ ਦਾ ਕੋਈ ਵੀ ਕੰਮ ਨਹੀਂ ਹੋਇਆ ਅਤੇ ਲੋਕ ਦੁਖੀ ਹਨ ਪਰ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਿਧਾਇਕ ਦਾਖਾ ਤੋਂ ਪਿੱਠ ਦਿਖਾ ਕੇ ਭੱਜਿਆ ਸੀ ਜਿਸ ਦਾ ਲੋਕ ਉਸ ਨੂੰ ਜਵਾਬ ਦੇਣਗੇ।
ਮੋਦੀ ਸਰਕਾਰ ਦੀ ਤਾਰੀਫ਼ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਸਿੱਖ ਕਤਲੇਆਮ ਦਾ ਇੱਕ ਹੋਰ ਕੇਸ ਸਰਕਾਰ ਨੇ ਖੋਲ੍ਹ ਦਿੱਤਾ ਹੈ ਜਿਸ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਕਮਲ ਨਾਥ ਵਰਗੇ ਵੀ ਟੰਗੇ ਜਾਣਗੇ। ਜ਼ਿਕਰਯੋਗ ਹੈ ਕਿ ਇਸ ਮੌਕੇ ਅਕਾਲੀ ਦਲ ਨੇ ਮਨਪ੍ਰੀਤ ਇਆਲੀ ਨੂੰ ਦਾਖਾ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਐਲਾਨ ਕੀਤਾ ਅਤੇ ਉਸ ਦੇ ਹੱਕ ਵਿੱਚ ਆਉਣ ਦੀ ਲੋਕਾਂ ਨੂੰ ਅਪੀਲ ਕੀਤੀ।