ਲੁਧਿਆਣਾ : ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕਰਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲੁਧਿਆਣਾ ਦੇ ਹਲਕਾ ਰਾਏਕੋਟ ਵਿੱਚ ਸਿੰਘ ਡਾਂਗੋਂ ਵਿਖੇ 55 ਲੱਖ ਦੀ ਲਾਗਤ ਨਾਲ ਖੇਡ ਸਟੇਡੀਅਮ ਤਿਆਰ ਕੀਤਾ ਗਿਆ ਹੈ, ਜਿੱਥੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਫੁਟਬਾਲ ਦਾ ਮੈਚ ਵੀ ਕਰਵਾਇਆ ਗਿਆ ਹੈ। ਇਸ ਮੌਕੇ ਉੱਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਕਾਂਗਰਸ ਦੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਵੀ ਪਹੁੰਚੇ। ਉਹਨਾਂ ਇਸ ਮੌਕੇ ਉੱਤੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਖੇਡ ਸਟੇਡੀਅਮ ਬਣਾਉਣੇ ਬਹੁਤ ਜ਼ਰੂਰੀ ਹਨ।
ਤਿੰਨ ਸਾਲ ਵਿੱਚ ਤਿਆਰ ਹੋਇਆ ਸਟੇਡੀਅਮ: ਕਾਮਿਲ ਅਮਰ ਸਿੰਘ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਨ੍ਹਾਂ ਦੇ ਹਲਕੇ ਵਿੱਚ ਹਰ ਪਿੰਡ ਵਿਚ ਅਜਿਹੇ ਸਟੇਡੀਅਮ ਬਣਾਏ ਜਾਣਗੇ। ਪਿੰਡ ਦੇ ਸਰਪੰਚ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਪਿਛਲੇ ਕਈ ਵਰ੍ਹਿਆਂ ਤੋਂ ਫੁਟਬਾਲ ਖੇਡ ਰਹੇ ਹਨ ਅਤੇ ਕਈ ਗੋਲਡ ਮੈਡਲ ਮਿਲ ਚੁੱਕੇ ਹਨ। ਉਥੇ ਹੀ ਪਿੰਡ ਦੇ ਸਰਪੰਚ ਨੇ ਕਿਹਾ ਕਿ ਪਿਛਲੇ 3 ਸਾਲਾਂ ਤੋਂ ਇਸ ਖੇਡ ਸਟੇਡੀਅਮ ਦੀ ਤਿਆਰੀ ਕੀਤੀ ਜਾ ਰਹੀ ਹੈ ।
ਇਹ ਵੀ ਪੜ੍ਹੋ: Government Schools Principals go to Singapore: ਟ੍ਰੇਨਿੰਗ ਲਈ ਸਿੰਗਾਪੁਰ ਜਾਣਗੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ, ਤਾਰੀਖ ਦਾ ਐਲਾਨ
55 ਲੱਖ ਦੀ ਆਈ ਲਾਗਤ: ਸਰਪੰਚ ਨੇ ਦੱਸਿਆ ਕਿ 55 ਲੱਖ ਰੁਪਏ ਦੀ ਲਾਗਤ ਨਾਲ ਇਹ ਸਟੇਡੀਅਮ ਤਿਆਰ ਹੋਇਆ ਹੈ। ਉਨ੍ਹਾਂ ਵਲੋਂ ਐੱਨਆਰਆਈ ਲੋਕਾਂ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਵੀ ਵੱਡਾ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ਉਪਰ ਸਟੇਡੀਅਮ ਦਾ ਨਾਂ ਰੱਖਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਵੀ ਔਕੜ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਇਸ ਸਟੇਡੀਅਮ ਵਿਚ ਵੱਖ-ਵੱਖ ਸਮੇਂ ਉੱਤੇ 75 ਦੇ ਕਰੀਬ ਨੌਜਵਾਨ ਖੇਡ ਅਭਿਆਸ ਕਰਦੇ ਹਨ।
ਨਸ਼ੇ ਤੋਂ ਦੂਰ ਰੱਖਣ ਦਾ ਉਪਰਾਲਾ: ਉਥੇ ਹੀ ਇਸ ਮੌਕੇ ਉਪਰ ਮੈਚ ਖੇਡਣ ਲਈ ਆਏ ਨੌਜਵਾਨਾਂ ਨੇ ਕਿਹਾ ਕਿ ਉਹ ਪਿਛਲੇ ਪੰਦਰਾਂ ਤੋ ਵੀਹ ਸਾਲਾਂ ਤੋਂ ਫੁੱਟਬਾਲ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਫਿੱਟ ਰਹਿਣ ਲਈ ਖੇਡ ਜਰੂਰੀ ਹੈ ਅਤੇ ਨੋਜਵਾਨਾਂ ਨੇ ਇਹ ਵੀ ਮੰਨਿਆ ਕਿ ਪਿੰਡਾਂ ਵਿੱਚ ਨਸ਼ਾ ਹੈ। ਪਰ ਉਹਨਾਂ ਨੇ ਕਿਹਾ ਕਿ ਖੇਡਾਂ ਅਤੇ ਖੇਡ ਸਟੇਡੀਅਮ ਦੇ ਜਰੀਏ ਨੋਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ।