ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹੇਸ਼ ਇੰਦਰ ਗਰੇਵਾਲ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਭਰ ਦਿੱਤੇ ਹਨ।
ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਉਹ ਨਾ ਤਾਂ ਭਾਰੀ ਵਰਕਰਾਂ ਦਾ ਇਕੱਠ ਲੈ ਕੇ ਆਏ ਹਨ ਤੇ ਨਾ ਹੀ ਕੋਈ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ। ਉਹ ਉਨ੍ਹਾਂ ਪੀੜਤਾਂ ਦੇ ਨਾਲ ਆਏ ਹਨ ਜਿਨ੍ਹਾਂ ਦੇ ਬੱਚੇ ਜਾਂ ਤਾਂ ਨਸ਼ਿਆਂ ਨੇ ਖਾ ਲਏ ਜਾਂ ਫਿਰ ਕਰਜ਼ੇ ਦੇ ਦੈਂਤ ਨੇ ਨਿਗਲ ਲਏ।
ਬੈਂਸ ਨੇ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਰਵਨੀਤ ਬਿੱਟੂ ਨੇ ਬੀਤੇ ਦਿਨ ਜਿਵੇਂ ਰੋਡ ਜਾਮ ਕੀਤਾ ਸੀ ਉਹ ਮੰਦਭਾਗੀ ਗੱਲ ਹੈ। ਰਵਨੀਤ ਬਿੱਟੂ ਉਨ੍ਹਾਂ ਤੋਂ ਡਰ ਗਿਆ ਹੈ ਇਸੇ ਲਈ ਉਨ੍ਹਾਂ ਨੂੰ ਫਿਰੋਜ਼ਪੁਰ ਭੇਜਣ ਦੀਆਂ ਸਲਾਹ ਦੇ ਰਿਹਾ ਹੈ।
ਦੂਜੇ ਪਾਸੇ ਅੱਜ ਅਕਾਲੀ ਦਲ ਦੇ ਉਮੀਦਵਾਰ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਉਹ ਬਹੁਤ ਸ਼ਾਂਤਮਈ ਢੰਗ ਨਾਲ ਨਾਮਜ਼ਦਗੀ ਦਾਖਲ ਕਰਨ ਲਈ ਪਹੁੰਚੇ ਹਨ। ਉਨ੍ਹਾਂ ਨੂੰ ਜਦੋਂ ਵਰਕਰਾਂ ਵੱਲੋਂ ਨਾਅਰੇਬਾਜ਼ੀ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਅਕਾਲੀ ਦਲ ਦੇ ਵਰਕਰ ਹਨ ਇਸ ਕਰਕੇ ਨਾਅਰੇਬਾਜ਼ੀ ਕਰਨਗੇ। ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਰਵਨੀਤ ਬਿੱਟੂ ਅਤੇ ਬੈਂਸ ਨਾਲ ਕੋਈ ਮੁਕਾਬਲਾ ਨਹੀਂ ਹੈ।