ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵੱਲੋਂ ਅੱਜ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਆਰਡੀਨੈਂਸ ਦਾ ਜੰਮ ਕੇ ਵਿਰੋਧ ਕੀਤਾ ਗਿਆ। ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਰਦਾਰਾ ਸਿੰਘ ਜੌਹਲ ਵੱਲੋਂ ਦਿੱਤੇ ਗਏ ਬਿਆਨ ਦੀ ਵੀ ਬੈਂਸ ਨੇ ਨਿਖੇਧੀ ਕੀਤੀ ਅਤੇ ਉਸ ਨੂੰ ਝੂਠ ਦੱਸਿਆ।
ਬੈਂਸ ਨੇ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਇੱਕ ਸਾਈਕਲ ਯਾਤਰਾ ਦੀ ਚੰਡੀਗੜ੍ਹ ਤੱਕ ਸ਼ੁਰੂਆਤ ਕਰਨ ਜਾ ਰਹੇ ਹਨ, ਜੋ ਇਸ ਬਿੱਲ ਦਾ ਵਿਰੋਧ ਕਰੇਗੀ ਤੇ ਕਿਸਾਨਾਂ ਨੂੰ ਇਸ ਬਿੱਲ ਵਿਰੁੱਧ ਲਾਮਬੰਧ ਕੀਤਾ ਜਾਵੇਗਾ। ਸਿਮਰਜੀਤ ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਕਿਸਾਨੀ ਨੂੰ ਖ਼ਤਮ ਕਰਨ ਲਈ ਜੋ ਆਰਡੀਨੈਂਸ ਲਿਆਂਦਾ ਹੈ ਉਹ ਕਿਸਾਨ ਵਿਰੁੱਧ ਹੈ ਅਤੇ ਲੋਕ ਇਨਸਾਫ਼ ਪਾਰਟੀ ਇਸ ਦਾ ਪੁਰ ਜ਼ੋਰ ਵਿਰੋਧ ਕਰੇਗੀ।
ਉੱਥੇ ਹੀ ਸਿਮਰਜੀਤ ਬੈਂਸ ਨੇ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਫ਼ੌਜੀਆਂ ਦੀ ਸ਼ਹਾਦਤ ਨੂੰ ਲੈ ਕੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਚਾਈਨਾ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੇ ਸ਼ਹੀਦ ਜਵਾਨਾਂ ਦਾ ਬਦਲਾ ਲੈਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਫ਼ੀਸਾਂ ਨੂੰ ਲੈ ਕੇ ਮਾਪੇ ਅਤੇ ਸਕੂਲਾਂ ਦੇ ਵਿਵਾਦ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮਾਪਿਆਂ ਤੋਂ ਫ਼ੀਸਾਂ ਨਹੀਂ ਲੈਣੀਆਂ ਚਾਹੀਦੀਆਂ ਕਿਉਂਕਿ ਸਕੂਲ ਬੰਦ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੋ ਸਕੂਲ ਫੀਸ ਮੰਗ ਰਹੇ ਹਨ, ਲੁੱਟ-ਖਸੁੱਟ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ ਵਿਭਾਗ ਨੂੰ ਕਾਰਵਾਈ ਕਰਕੇ ਉਨ੍ਹਾਂ ਦੇ ਲਾਇਸੈਂਸ ਰੱਦ ਕਰਨੇ ਚਾਹੀਦੇ ਹਨ।