ਲੁਧਿਆਣਾ: ਬੀਤੇ ਦਿਨੀਂ ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਦੇ ਪਿੰਡ ਮੰਡਿਆਣੀ ਦੇ ਵਿੱਚ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਰੱਖਿਆ ਗਿਆ ਨੀਂਹ ਪੱਥਰ ਇੱਕ ਨੌਜਵਾਨ ਵੱਲੋਂ ਤੋੜ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ।
ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਰਵਨੀਤ ਬਿੱਟੂ ਖ਼ਿਲਾਫ਼ ਲੋਕ ਸਭਾ ਚੋਣ ਲੜ ਚੁੱਕੇ ਸਿਮਰਜੀਤ ਬੈਂਸ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਦਾ ਹੁਣ ਪੰਜਾਬ ਭਰ ਦੇ ਵਿੱਚ ਵਿਰੋਧ ਹੋ ਰਿਹਾ ਹੈ ਖ਼ਾਸ ਕਰਕੇ ਲੁਧਿਆਣਾ ਦੇ ਵਿੱਚ ਕਿਉਂਕਿ ਚੋਣਾਂ ਜਿੱਤਣ ਤੋਂ ਬਾਅਦ ਉਹ ਇੱਥੇ ਵਿਖਾਈ ਹੀ ਨਹੀਂ ਦਿੱਤੇ।
ਸਿਮਰਜੀਤ ਬੈਂਸ ਨੇ ਕਿਹਾ ਕਿ ਰਵਨੀਤ ਬਿੱਟੂ ਦਾ ਹੁਣ ਲੁਧਿਆਣਾ ਵਿੱਚ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੀਆਂ ਨਿੱਤ ਅਖ਼ਬਾਰਾਂ ਵਿੱਚ ਖ਼ਬਰਾਂ ਵੀ ਲੱਗਦੀਆਂ ਹਨ। ਬੈਂਸ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਦੇ ਜਥੇਦਾਰ ਖ਼ਿਲਾਫ਼ ਕਦੇ ਗਰਮ ਖਿਆਲੀਆਂ ਦੇ ਖ਼ਿਲਾਫ਼ ਜਾਂ ਫਿਰ ਕਦੇ ਪੰਜਾਬੀ ਗਾਇਕਾਂ ਦੇ ਖ਼ਿਲਾਫ਼ ਬੋਲਣ ਨਾਲ ਮੈਂਬਰ ਪਾਰਲੀਮੈਂਟ ਦਾ ਫਰਜ਼ ਪੂਰਾ ਨਹੀਂ ਹੋ ਜਾਂਦਾ।
ਬੈਂਸ ਨੇ ਕਿਹਾ ਕਿ ਆਪਣੇ ਹਲਕੇ ਵਿੱਚ ਉਹ ਲੋਕਾਂ ਨੂੰ ਮੂੰਹ ਤੱਕ ਨਹੀਂ ਵਿਖਾਉਂਦੇ, ਬੈਂਸ ਨੇ ਕਿਹਾ ਕਿ ਜੇਕਰ ਲੋਕਾਂ ਦੇ ਕੰਮ ਕਰਵਾਏ ਹੁੰਦੇ ਤਾਂ ਅੱਜ ਇਹ ਵਿਰੋਧ ਨਾ ਸਹਿਣਾ ਪੈਂਦਾ ਨੀਂਹ ਪੱਥਰ ਤਾਂ ਰੱਖ ਦਿੱਤੇ ਪਰ ਵਿਕਾਸ ਹੱਲ ਵੀ ਅਧੂਰੇ ਹਨ।