ਲੁਧਿਆਣਾ: ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਸੈਕਟਰ 32 ਦੇ ਰਸਤੇ 'ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਦੇ ਦਫ਼ਤਰ ਬਾਹਰ ਗੋਲੀ ਚਲੀ। ਗੋਲੀ ਅਮਿਤ ਅਰੋੜਾ ਦੀ ਕਾਰ ਦੀ ਛੱਤ 'ਤੇ ਆ ਕੇ ਲੱਗੀ, ਜਿਸ ਕਾਰਨ ਅਮਿਤ ਅਰੋੜਾ ਬਾਲ ਬਾਲ ਬੱਚੇ। ਗੁੱਸੇ 'ਚ ਆਏ ਸ਼ਿਵ ਸੈਨਾ ਆਗੂਆਂ ਨੇ ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਧਰਨਾ ਲਾਇਆ ਜਿਸ ਤੋਂ ਬਾਅਦ ਵੱਡੀ ਤਦਾਦ 'ਚ ਪੁਲਿਸ ਮੌਕੇ 'ਤੇ ਪਹੁੰਚੀ।
ਅਮਿਤ ਅਰੋੜਾ ਨੇ ਦੱਸਿਆ ਹੈ ਕੇ ਸ਼ਾਮ 7:30 ਦੇ ਕਰੀਬ ਉਹ ਆਪਣੇ ਦਫ਼ਤਰ 'ਚ ਬੈਠੇ ਸਨ ਕਿ ਅਚਾਨਕ ਬਾਹਰੋਂ ਗੋਲੀ ਚੱਲਣ ਦੀ ਆਵਾਜ਼ ਆਈ ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕੇ ਗੋਲੀ ਉਨ੍ਹਾਂ ਦੀ ਕਾਰ ਦੀ ਛਤ 'ਤੇ ਲੱਗੀ ਹੈ।
ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੇ ਕਿਹਾ ਕਿ ਉਨ੍ਹਾਂ ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਹੈ, ਪਰ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਇਸ 'ਤੇ ਕੋਈ ਐਕਸ਼ਨ ਨਹੀਂ ਲੈ ਰਹੀ। ਇਸ ਮੌਕੇ ਉਨ੍ਹਾਂ ਦੇ ਨਾਲ ਮੌਜੂਦ ਸ਼ਿਵ ਸੈਨਾ ਦੇ ਹੋਰਨਾਂ ਆਗੂਆਂ ਨੇ ਵੀ ਹਮਲੇ ਦੀ ਨਿੰਦਾ ਕੀਤੀ।
ਜ਼ਿਕਰਯੋਗ ਹੈ ਕਿ 2016 'ਚ ਵੀ ਅਮਿਤ ਅਰੋੜਾ 'ਤੇ ਹਮਲਾ ਹੋਇਆ ਸੀ ਜਿਸ ਨੂੰ ਪੰਜਾਬ ਪੁਲਿਸ ਨੇ ਫ਼ਰਜ਼ੀ ਕਰਾਰ ਦਿੱਤਾ ਸੀ ਪਰ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪਣ ਤੋਂ ਬਾਅਦ ਹਮਲੇ ਨੂੰ ਅਸਲੀ ਮੰਨਿਆ ਗਿਆ ਸੀ। ਇਸ ਹਮਲੇ 'ਚ ਵੀ ਅਮਿਤ ਅਰੋੜਾ ਬਾਲ ਬਾਲ ਬਚੇ ਸਨ, ਅਤੇ ਅੱਜ ਮੁੜ ਤੋਂ ਅਮਿਤ ਅਰੋੜਾ 'ਤੇ ਹੀ ਹਮਲਾ ਹੋਇਆ ਹੈ।