ਲੁਧਿਆਣਾ: ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 304ਵਾਂ ਸ਼ਹੀਦੀ ਪੁਰਬ ਲੁਧਿਆਣਾ ਦੇ ਰਕਬਾ ਭਵਨ ਵਿਖੇ ਮਨਾਇਆ ਗਿਆ। ਇਸ ਦੌਰਾਨ ਸੰਗਤਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਿਆ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਫਾਊਂਡੇਸ਼ਨ ਦੇ ਮੁਖੀ ਕੇ.ਕੇ ਬਾਵਾ ਨੇ ਕਿਹਾ ਕਿ ਸਰਕਾਰਾਂ ਨੂੰ ਇਸ ਦਿਵਸ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕਰਨਾ ਚਾਹੀਦਾ ਹੈ।
ਇਸ ਦੌਰਾਨ ਫਾਊਂਡੇਸ਼ਨ ਦੇ ਮੁਖੀ ਤੇ ਪੰਜਾਬ ਸਟੇਟ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਪਾਣੀਪਤ ਦੀਆਂ ਹਾਰੀਆਂ ਹੋਈਆਂ ਲੜਾਈਆਂ ਆਪਣੇ ਇਤਿਹਾਸ ਵਿੱਚ ਪੜ੍ਹਾ ਰਹੇ ਹਾਂ, ਪਰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰੱਹਦ ਜਿੱਤ ਦਾ ਜ਼ਿਕਰ ਇਤਿਹਾਸ ਦੀਆਂ ਕਿਤਾਬਾਂ ਵਿੱਚ ਨਹੀਂ ਕੀਤਾ ਜਾਂਦਾ।
ਉਨ੍ਹਾਂ ਕਿਹਾ ਕਿ ਸਰੱਹਦ ਫ਼ਤਿਹ ਬਾਰੇ ਸਕੂਲ 'ਚ ਬੱਚਿਆਂ ਨੂੰ ਪੜ੍ਹਾਇਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੰਗ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਵਸ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ।