ਲੁਧਿਆਣਾ: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ 'ਆਪ' ਦੇ ਦਿੱਲੀ ਤੋਂ ਸਾਂਸਦ ਸੰਜੇ ਸਿੰਘ ਵੱਲੋਂ ਕੀਤੇ ਗਏ ਮਾਣਹਾਨੀ ਦੇ ਮਾਮਲੇ ਵਿੱਚ ਅੱਜ ਦੋਵੇਂ ਜਣੇ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਹੋਏ। ਲੁਧਿਆਣਾ ਦੀ ਸਿਵਲ ਅਦਾਲਤ ਦੇ 'ਚ ਅੱਜ ਕਰਾਸ ਐਗਜ਼ੀਮਨ ਰੱਖੀ ਗਈ ਸੀ ਪਰ ਬਿਕਰਮ ਮਜੀਠੀਆ ਦੇ ਵਕੀਲ ਨੇ ਦਾਅਵਾ ਕੀਤਾ ਕਿ ਦੂਜੀ ਧਿਰ ਮਤਲਬ ਸਾਂਸਦ ਸੰਜੇ ਸਿੰਘ ਦੇ ਵਕੀਲ ਨੇ ਕਰਾਸ ਐਗਜ਼ੀਮਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਜ਼ਾਹਰ ਹੈ ਕਿ ਉਹ ਹੁਣ ਖੁਦ ਕੇਸ ਤੋਂ ਭੱਜਣਾ ਚਾਹੁੰਦੇ ਹਨ। ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਤਾਂ ਮੁਆਫ਼ੀ ਮੰਗ ਚੁੱਕਾ ਹੈ ਅਤੇ ਹੁਣ ਸੰਜੇ ਸਿੰਘ ਨੂੰ ਉਹ ਘੇਰਨਗੇ, ਜਦਕਿ ਸੰਜੇ ਸਿੰਘ ਦਾ ਕਹਿਣਾ ਕਿ ਫ਼ੈਸਲਾ ਅਦਾਲਤ ਦੇ ਹੱਥ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਤੇ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਸੰਜੇ ਸਿੰਘ ਵੱਲੋਂ ਅਦਾਲਤ ਨੂੰ ਲਗਾਤਾਰ ਗੁਮਰਾਹ ਕੀਤਾ ਜਾ ਰਿਹਾ ਹੈ, ਇਹ ਸਾਫ਼ ਹੈ ਕਿ ਸੰਜੇ ਸਿੰਘ ਨੂੰ ਹੁਣ ਆਪਣੀ ਹਾਰ ਵਿਖਾਈ ਦੇਣ ਲੱਗੀ ਹੈ ਇਸ ਕਰਕੇ ਉਹ ਇਸ ਮਾਮਲੇ ਤੋਂ ਭੱਜ ਰਿਹਾ ਹੈ। ਮਜੀਠੀਆ ਨੇ ਤੰਜ ਕਸਦਿਆਂ ਕਿਹਾ ਕਿ ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸੰਜੇ ਸਿੰਘ ਆਖਰ ਹੈ ਕੌਣ, ਉਨ੍ਹਾਂ ਆਪਣੀ ਜਿੱਤ ਯਕੀਨੀ ਦੱਸਦਿਆਂ ਕਿਹਾ ਕਿ ਪਹਿਲਾਂ ਕੇਜਰੀਵਾਲ ਤੋਂ ਮਾਫੀ ਮੰਗਵਾਈ ਸੀ ਅਤੇ ਹੁਣ ਸੰਜੇ ਸਿੰਘ ਦਾ ਵੀ ਉਹੀ ਹਾਲ ਹੋਣ ਵਾਲਾ ਹੈ।
ਉੱਧਰ ਦੂਜੇ ਪਾਸੇ ਸੰਜੇ ਸਿੰਘ ਨੇ ਅਦਾਲਤ ਦੇ ਮਾਮਲੇ 'ਚ ਬਹੁਤਾ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਦੇ ਵਕੀਲ ਨੇ ਜ਼ਰੂਰ ਕਿਹਾ ਕਿ ਅਸੀਂ ਡਾਕੂਮੈਂਟ ਪੇਸ਼ ਕਰ ਰਹੇ ਹਾਂ ਅਤੇ ਕਰਾਸ ਐਗਜ਼ੀਮਨ ਲਈ ਅਸੀਂ ਅਦਾਲਤ ਵਿੱਚ ਕੋਈ ਮਨ੍ਹਾਂ ਨਹੀਂ ਕੀਤਾ। ਉਨ੍ਹਾਂ ਦੀ ਜਿੱਤ ਯਕੀਨੀ ਹੋਵੇਗੀ। ਇਸ ਮਾਮਲੇ ਦੇ ਵਿੱਚ ਹੁਣ ਅਗਲੀ ਤਰੀਕ ਚਾਰ ਮਾਰਚ ਦੀ ਪਾਈ ਗਈ ਹੈ।
ਇਹ ਵੀ ਪੜ੍ਹੋ: ਕਾਂਗਰਸ ਸਰਕਾਰ ਨੇ ਹੁਣ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ : ਹਰਪਾਲ ਚੀਮਾ