ਖੰਨਾ: ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਛੇਵੇਂ ਦਰਿਆ ਨੇ ਆਪਣੇ ਜਾਲ ਵਿੱਚ ਫਸਾ ਲਿਆ ਹੈ, ਜਿਸ ਵਿੱਚੋਂ ਕੱਢਣ ਲਈ ਪੰਜਾਬ ਪੁਲਿਸ ਨੇ ਦਿਨ ਰਾਤ ਇੱਕ ਕੀਤੀ ਹੋਈ ਹੈ। ਇਸੇ ਤਹਿਤ ਹੀ ਕਾਰਵਾਈ ਕਰਦਿਆ ਚੰਡੀਗੜ੍ਹ-ਲੁਧਿਆਣਾ ਕੌਮੀ ਮਾਰਗ ’ਤੇ ਸਮਰਾਲਾ ਪੁਲਿਸ ਨੇ ਚੌਕੀ ਹੇਡੋਂ ਦੇ ਬਾਹਰ ਨਾਕੇ ਦੌਰਾਨ ਮੈਡੀਕਲ ਨਸ਼ੇ ਦੀ ਸਪਲਾਈ ਕਰਨ ਵਾਲੇ 3 ਮੁਲਜ਼ਮਾਂ ਨੂੰ ਕਾਬੂ ਕੀਤਾ। ਇਨ੍ਹਾਂ ਵਿੱਚੋਂ 2 ਚੰਡੀਗੜ੍ਹ ਅਤੇ 1 ਮੁਹਾਲੀ ਦਾ ਸੀ। ਇਹਨਾਂ ਕੋਲੋਂ ਪੁਲਿਸ ਨੇ ਕਾਰ ਵਿੱਚੋਂ 10 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
ਸ਼ੱਕ ਦੇ ਆਧਾਰ ’ਤੇ ਗੱਡੀ ਦੀ ਤਲਾਸ਼ੀ: ਇਸ ਦੌਰਾਨ ਡੀ.ਐਸ.ਪੀ ਜਸਪਿੰਦਰ ਸਿੰਘ ਨੇ ਦੱਸਿਆ ਕਿ ਐਸ.ਐਚ.ਓ ਭਿੰਦਰ ਸਿੰਘ ਤੇ ਏ.ਐਸ.ਆਈ ਸੁਖਵਿੰਦਰ ਸਿੰਘ ਦੀ ਟੀਮ ਨੇ ਹੇਡੋਂ ਚੌਕੀ ਦੇ ਬਾਹਰ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਚੰਡੀਗੜ੍ਹ ਵੱਲੋਂ ਆ ਰਹੀ ਇੱਕ ਹਰਿਆਣਾ ਨੰਬਰ ਦੀ ਹੌਂਡਾ ਅਮੇਜ਼ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਕਾਰ ਨੂੰ ਸੰਦੀਪ ਸਿੰਘ ਨਾਹਰ ਵਾਸੀ ਸ਼ਿਵ ਦਰਸ਼ਨ ਸਿਟੀ ਬਡਾਲੀ ਰੋਡ ਖਰੜ (ਮੁਹਾਲੀ) ਚਲਾ ਰਿਹਾ ਸੀ। ਉਸਦੇ ਨਾਲ ਵਾਲੀ ਸੀਟ ’ਤੇ ਮਲਕੀਤ ਸਿੰਘ ਵਾਸੀ ਸੈਕਟਰ-40ਏ ਚੰਡੀਗੜ੍ਹ ਬੈਠਾ ਸੀ ਅਤੇ ਪਿਛਲੀ ਸੀਟ ’ਤੇ ਲਖਵੀਰ ਸਿੰਘ ਵਾਸੀ ਸੈਕਟਰ-38ਡੀ ਚੰਡੀਗੜ੍ਹ ਬੈਠਾ ਸੀ।
10 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ : ਇਹਨਾਂ ਮੁਲਜ਼ਮਾਂ ਨੇ ਗਜ਼ਟਿਡ ਅਧਿਕਾਰੀ ਦੀ ਹਾਜ਼ਰੀ ਵਿੱਚ ਗੱਡੀ ਦੀ ਤਲਾਸ਼ੀ ਦੇਣ ਦੀ ਇੱਛਾ ਜ਼ਾਹਰ ਕੀਤੀ ਤਾਂ ਡੀ.ਐਸ.ਪੀ ਖੁਦ ਮੌਕੇ ’ਤੇ ਪੁੱਜੇ। ਗੱਡੀ ਵਿੱਚ ਟੇਪ ਨਾਲ ਢੱਕਿਆ ਇੱਕ ਗੱਤੇ ਦਾ ਡੱਬਾ ਮਿਲਿਆ। ਇਸ ਡੱਬੇ ਦੇ ਅੰਦਰੋਂ 20 ਡੱਬਿਆਂ ਵਿੱਚ 10 ਹਜ਼ਾਰ ਨਸ਼ੀਲੀਆਂ ਗੋਲੀਆਂ (ਟਰਾਮਾਡੋਲ) ਬਰਾਮਦ ਹੋਈਆਂ। ਇਹ ਗੋਲੀਆਂ ਚੰਡੀਗੜ੍ਹ ਤੋਂ ਲੁਧਿਆਣਾ ਸਪਲਾਈ ਕੀਤੀਆਂ ਜਾਣੀਆਂ ਸਨ।
ਕੋਰੀਅਰ ਬੁਆਏ ਵਜੋਂ ਕਰਦੇ ਸੀ ਸਪਲਾਈ: ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਤਿੰਨੋਂ ਕੋਰੀਅਰ ਬੁਆਏ ਵਜੋਂ ਸਪਲਾਈ ਕਰਦੇ ਸਨ। ਚੰਡੀਗੜ੍ਹ ਤੋਂ ਗੋਲੀਆਂ ਭੇਜਣ ਵਾਲਾ ਵਿਅਕਤੀ ਅਤੇ ਲੁਧਿਆਣਾ ਤੋਂ ਮੰਗਵਾਉਣ ਵਾਲਾ ਵਿਅਕਤੀ ਵੱਖ-ਵੱਖ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੂੰ ਇੱਕ ਮੋਬਾਈਲ ਨੰਬਰ ਮਿਲਿਆ ਹੈ ਜੋ ਕਿਸੇ ਵੱਡੇ ਤਸਕਰ ਦਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪਤਾ ਲੱਗਾ ਹੈ ਕਿ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੇ ਸਪਲਾਈ ਦੇ ਬਦਲੇ ਪ੍ਰਤੀ ਵਿਅਕਤੀ 2500 ਰੁਪਏ ਲੈਣੇ ਸਨ।
- Manpreet Badal Case Update: ਮਨਪ੍ਰੀਤ ਬਾਦਲ ਦੀ ਭਾਲ 'ਚ ਚੰਡੀਗੜ੍ਹ ਪੁੱਜੀ ਵਿਜੀਲੈਂਸ ਟੀਮ ਬੇਰੰਗ ਪਰਤੀ, ਵਕੀਲ ਨੇ ਵਿਜੀਲੈਂਸ ਨੂੰ ਘਰ 'ਚ ਵੜਨ ਤੋਂ ਰੋਕਿਆ, ਦੇਖੋ ਵੀਡੀਓ
- WORLD CUP 2023: Rachin Ravindra ਦਾ ਨਾਂ ਕਿਉਂ ਪਿਆ ਰਚਿਨ, ਜਾਣੋ ਰਾਹੁਲ ਦ੍ਰਾਵਿੜ ਅਤੇ ਸਚਿਨ ਤੇਂਦੁਲਕਰ ਨਾਲ ਕਿਵੇਂ ਜੁੜੇ ਹਨ ਉਨ੍ਹਾਂ ਦੇ ਤਾਰ
- Asian Games 2023 13th day: ਭਾਰਤੀ ਕ੍ਰਿਕਟ ਅਤੇ ਕਬੱਡੀ ਟੀਮ ਦਾ ਅੱਜ ਸੈਮੀਫਾਈਨਲ ਮੈਚ, ਬਜਰੰਗ ਪੁਨੀਆ 'ਤੇ ਰਹੇਗੀ ਨਜ਼ਰ
ਟੈਕਸੀ ਦਾ ਕੋਈ ਕਾਗਜ਼ ਨਹੀਂ: ਮੈਡੀਕਲ ਨਸ਼ਾ ਸਪਲਾਈ ਕਰਨ ਦਾ ਤਰੀਕਾ ਇਹ ਸੀ ਕਿ ਮਲਕੀਤ ਸਿੰਘ ਅਤੇ ਲਖਵੀਰ ਸਿੰਘ 50 ਸਾਲ ਤੋਂ ਵੱਧ ਦੇ ਹਨ। ਦੋਵੇਂ ਸਵਾਰੀਆਂ ਬਣ ਕੇ ਸੰਦੀਪ ਸਿੰਘ ਨਾਲ ਟੈਕਸੀ ਵਿਚ ਸਵਾਰ ਹੋ ਕੇ ਸਫ਼ਰ ਕਰਦੇ ਸਨ। ਸੰਦੀਪ ਟੈਕਸੀ ਚਲਾਉਂਦਾ ਸੀ। ਇੱਥੋਂ ਤੱਕ ਕਿ ਨਾਕੇ 'ਤੇ ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਟੈਕਸੀ ਕਿਰਾਏ 'ਤੇ ਕੀਤੀ ਹੈ ਅਤੇ ਲੁਧਿਆਣਾ ਜਾ ਰਹੇ ਹਨ। ਪਰ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਗੱਡੀ ਦੀ ਤਲਾਸ਼ੀ ਲਈ। ਟੈਕਸੀ ਦਾ ਕੋਈ ਕਾਗਜ਼ ਵੀ ਨਹੀਂ ਸੀ।