ਲੁਧਿਆਣਾ: ਜ਼ਿਲ੍ਹੇ 'ਚ ਅੱਜ ਧਰਨਿਆਂ ਦਾ ਦਿਨ ਰਿਹਾ, ਇੱਕ ਪਾਸੇ ਜਿੱਥੇ ਅਕਾਲੀ ਭਾਜਪਾ ਨੇ ਜ਼ਿਲ੍ਹਾ ਡੀਸੀ ਦਫ਼ਤਰ ਬਾਹਰ ਸਰਾਕਰ ਵੱਲੋਂ ਪੀੜਤਾਂ ਤੱਕ ਰਾਸ਼ਨ ਜਾਂ ਆਰਥਿਕ ਮਦਦ ਨਾ ਪਹੁੰਚਾਉਣ ਅਤੇ ਕਿਸਾਨੀ ਮੁੱਦੇ ਨੂੰ ਲੈ ਕੇ ਸਰਕਾਰ ਵਿਰੁੱਧ ਧਰਨਾ ਦਿੱਤਾ ਉੱਥੇ ਹੀ ਆਮ ਆਦਮੀ ਪਾਰਟੀ ਨੇ ਵੀ ਸੂਬੇ 'ਚ ਬਿਜਲੀ ਦਰਾਂ ਨੂੰ ਲੈ ਕੇ ਡੀਸੀ ਦਫ਼ਤਰ ਬਾਹਰ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਸਭ ਨੇ ਮਿਲ ਸੋਸ਼ਲ ਡਿਸਟੈਂਸਿੰਗ ਦੀ ਧੱਜੀਆਂ ਵੀ ਉਡਾਈਆਂ।
ਆਮ ਆਦਮੀ ਪਾਰਟੀ ਦੀ ਜਗਰਾਓਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਸਸਤੀ ਬਿਜਲੀ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਲੋਕਾਂ ਨੂੰ ਸਸਤੀ ਬਿਜਲੀ ਨਹੀਂ ਮਿਲੀ ਇਸ ਦੇ ਉਲਟ ਸਰਕਾਰ ਵਾਈਟ ਪੇਪਰ ਲਿਆਉਣ ਦੀਆਂ ਗੱਲਾਂ ਕਰ ਰਹੀ ਹੈ l ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਾ ਕੀਤਾ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਭਾਜਪਾ ਆਗੂ ਪਰਵੀਨ ਬੰਸਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਸੂਬਾ ਸਰਕਾਰ ਨੇ ਕੇਂਦਰ ਵੱਲੋਂ ਜਾਰੀ ਰਾਸ਼ਨ ਅਤੇ ਵਿੱਤੀ ਮਦਦ ਲੋਕਾਂ ਤਕ ਨਹੀਂ ਪਹੁੰਚਾਈ ਜਿਸ ਕਾਰਨ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਅਕਾਲੀ ਆਗੂ ਸ਼ਰਨਜੀਤ ਢਿੱਲੋਂ ਨੇ ਸਰਕਾਰੀ ਨੂੰ ਹਰ ਪੱਖ ਤੋਂ ਫੇਲ ਕਰਾਰ ਦਿੱਤਾ ਹੈ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦਾ ਬਕਾਇਆ, ਅਤੇ ਕੱਟੇ ਰਾਸ਼ਨ ਕਾਰਡ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਧਰਨਾ ਦੇ ਰਹੀਆਂ ਤਿੰਨੋਂ ਪਾਰਟੀਆਂ ਨੇ ਮੰਗਾਂ ਪੂਰੀਆਂ ਨਾ ਕਰਨ 'ਤੇ ਸੰਘਰਸ਼ ਹੋਰ ਤਿੱਖਾ ਕਰਨ ਦੀ ਚੇਤਾਵਨੀ ਵੀ ਦੇ ਦਿੱਤੀ ਹੈ।
ਦੱਸਣਯੋਗ ਹੈ ਕਿ ਪੰਜਾਬ 'ਚ ਕੈਪਟਨ ਸਰਕਾਰ ਵਿਰੋਧੀਆਂ ਦੇ ਪੂਰੇ ਨਿਸ਼ਾਨੇ 'ਤੇ ਹੈ ਇੱਕ ਪਾਸੇ ਜਿੱਥੇ ਅੱਜ ਲੁਧਿਆਣਾ 'ਚ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਜ਼ਿਲ੍ਹਾ ਰੂਪਨਗਰ 'ਚ ਵੀ ਅਕਾਲੀ ਅਤੇ ਭਾਜਪਾ ਨੇ ਸਰਕਾਰ ਵਿਰੁੱਧ ਸਾਂਝਾ ਮੋਰਚਾ ਖੋਲ ਧਰਨਾ ਦਿੱਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸੂਬਾ ਸਰਕਾਰ ਤਿੰਨੇ ਪਾਰਟੀਆਂ ਵੱਲੋਂ ਖੋਲੇ ਮੋਰਚੇ ਸਬੰਧੀ ਅਗਲਾ ਕਦਮ ਕੀ ਚੁੱਕੇਗੀ।