ਲੁਧਿਆਣਾ: ਕੋਰੋਨਾ ਵਾਇਰਸ ਦੀ ਮਾਰ ਨੇ ਜਿੱਥੇ ਆਮ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉੱਥੇ ਹੀ ਲੋੜਵੰਦਾਂ ਤੱਕ ਸਰਕਾਰ ਵਲੋਂ ਮੁਹੱਈਆ ਕਰਵਾਇਆ ਜਾਂਦਾ ਰਾਸ਼ਨ ਵੀ ਨਹੀਂ ਪਹੁੰਚ ਰਿਹਾ ਹੈ। ਮਾਮਲਾ ਜਗਰਾਓਂ ਤੋਂ ਸਾਹਮਣੇ ਆਇਆ ਹੈ, ਜਿੱਥੇ ਈਟੀਵੀ ਭਾਰਤ ਦੀ ਟੀਮ ਵਲੋਂ ਕੁੱਝ ਪ੍ਰਵਾਸੀ ਲੋਕਾਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਕੋਈ ਰਾਸ਼ਨ ਨਹੀਂ ਆਇਆ, ਉਹ ਕਿਸੇ ਤਰ੍ਹਾਂ ਇੰਤਜਾਮ ਕਰ ਕੇ ਆਪਣਾ ਢਿੱਡ ਭਰ ਰਹੇ ਹਨ।
ਹਾਲਾਂਕਿ ਸਰਕਾਰ ਨੇ ਅਜਿਹੇ ਲੋੜਵੰਦਾਂ ਦੀ ਮਦਦ ਲਈ ਸ਼ਹਿਰਾਂ ਤੇ ਜ਼ਿਲ੍ਹਿਆਂ ਵਿੱਚ ਮੁਫ਼ਤ ਰਾਸ਼ਨ ਭੇਜਿਆ ਹੈ ਪਰ ਜਗਰਾਓਂ ਦੇ ਕੁਝ ਨੇਤਾਵਾਂ ਨੇ ਆਪਣੇ ਵਾਰਡਾਂ ਵਿੱਚ ਇਹ ਰਾਸ਼ਨ ਵੰਡਿਆ ਹੈ ਤਾਂ ਜੋ ਵੋਟਾਂ ਮੌਕੇ ਇਸ ਦਾ ਲਾਭ ਲੈ ਸਕਣ।
ਅੱਜ ਜਗਰਾਓਂ ਆਏ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਜਾਣਕਾਰੀ ਦਿੱਤੀ ਕਿ ਇਹ ਰਾਸ਼ਨ ਕੁਝ ਨਗਰ ਕੌਂਸਲ ਦੇ ਸਾਬਕਾ ਕੌਂਸਲਰਾਂ ਦੀ ਤਰਫੋਂ ਉਨ੍ਹਾਂ ਦੇ ਵਾਰਡ ਵਿੱਚ ਵੰਡਿਆ ਜਾ ਰਿਹਾ ਹੈ ਅਤੇ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਹੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਈ ਵਾਰ ਕਿਹਾ ਕਿ ਸਰਕਾਰੀ ਰਾਸ਼ਨ ਸਹੀ ਜਗ੍ਹਾ 'ਤੇ ਪਹੁੰਚਣਾ ਚਾਹੀਦਾ ਹੈ ਪਰ ਇਹ ਅਫ਼ਸਰ ਇਸ ਵੱਲ ਧਿਆਨ ਨਹੀਂ ਦੇ ਰਹੇ।
ਜਦੋਂ ਇਸ ਬਾਰੇ ਐਸਡੀਐਮ ਬਲਜਿੰਦਰ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ। ਆਖਿਰਕਾਰ, ਕੀ ਹੋਇਆ ਕਿ ਐਸਡੀਐਮ ਸਾਹਿਬ ਕੈਮਰੇ 'ਤੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹਨ ਜਾਂ ਉਹ ਕਿਸੇ ਆਗੂ ਬਾਰੇ ਬੋਲਣ ਤੋਂ ਗੁਰੇਜ਼ ਕਰ ਰਹੇ ਹਨ, ਇਹ ਤਾਂ ਹੁਣ ਉਹ ਹੀ ਜਾਣਨ।
ਇਹ ਵੀ ਪੜ੍ਹੋ: ਮੀਡੀਆ ਬੁਲੇਟਿਨ: ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 211 ਹੋਈ, 15 ਮੌਤਾਂ