ਲੁਧਿਆਣਾ: 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਨੇ ਸੋਮਵਾਰ ਨੂੰ ਡੇਰਾ ਸਿਰਸਾ ਹਮਾਇਤੀ ਵੀਰਪਾਲ ਇੰਸਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਸੂਬੇ ਦੀ ਕਾਂਗਰਸ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ।
ਸੁਸਾਇਟੀ ਦੇ ਆਗੂਆਂ ਨੇ ਕਿਹਾ ਕਿ ਕਾਂਗਰਸ ਜਾਣ-ਬੁੱਝ ਕੇ ਵੀਰਪਾਲ ਨੂੰ ਮੋਹਰਾ ਬਣਾ ਕੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਫ਼ਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਧਰਮ 'ਤੇ ਸਿਆਸਤ ਨਾ ਕਰੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸੁਖਬੀਰ ਬਾਦਲ ਨੂੰ ਫ਼ਸਾਉਣ ਲਈ ਗੁਰੂਆਂ ਦਾ ਇਸਤੇਮਾਲ ਕਰ ਰਹੇ ਹਨ।
ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਗੁਰਦੀਪ ਕੌਰ ਨੇ ਕਿਹਾ ਕਿ ਦਿੱਲੀ ਵਿੱਚ ਕਾਂਗਰਸ ਦੇ ਰਾਜ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਦਾ ਮੁੱਦਾ ਕਾਂਗਰਸ ਕਿਉਂ ਨਹੀਂ ਚੁੱਕਦੀ, ਉਨ੍ਹਾਂ ਨੂੰ ਇਨਸਾਫ਼ ਕਿਉਂ ਨਹੀਂ ਦਿਵਾ ਰਹੀ।
ਗੁਰਦੀਪ ਕੌਰ ਨੇ ਕਿਹਾ ਕਿ ਸਾਡੇ ਹਿਰਦੇ ਵਲੂੰਧਰੇ ਗਏ ਹਨ ਕਿਉਂਕਿ ਵੀਰਪਾਲ ਜੋ ਕਿ ਰਾਮ ਰਹੀਮ ਦੀ ਚੇਲੀ ਹੈ, ਉਸ ਤੋਂ ਕਾਂਗਰਸ ਅਜਿਹੇ ਬਿਆਨ ਦਿਵਾ ਰਹੀ ਹੈ। ਜਦੋਂ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਆਗੂਆਂ ਨੂੰ ਇੰਨੀ ਵੱਡੀ ਭੀੜ ਇਕੱਠੀ ਕਰਨ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਲੋਕ ਆਪਣੇ ਆਪ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਹਨ।