ਲੁਧਿਆਣਾ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਅੱਜ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਅੱਗੇ ਧਰਨੇ ਲਗਾਏ ਗਏ ਅਤੇ ਝੋਨੇ ਦੀ ਬਿਜਾਈ ਲਈ ਬਿਜਲੀ ਦੀ ਸਪਲਾਈ ਨਿਰੰਤਰ ਕਰਨ ਦੀ ਮੰਗ ਕੀਤੀ ਗਈ।
ਇਸ ਦੌਰਾਨ ਲੁਧਿਆਣਾ ਦੇ ਡੀਸੀ ਦਫ਼ਤਰ ਅੱਗੇ ਵੀ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਕਿਸਾਨ ਸਾਥੀਆਂ ਨੂੰ ਨਾਲ ਲੈ ਕੇ ਪਹੁੰਚੇ। ਇਸ ਦੌਰਾਨ ਧਰਨਾ ਤਾਂ ਲਾਇਆ ਗਿਆ ਪਰ ਸਮਾਜਿਕ ਦੂਰੀ ਵੀ ਬਣਾ ਕੇ ਰੱਖੀ ਗਈ।
ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸਰਕਾਰ ਸ਼ਰਾਬ ਦੀ ਤਾਂ ਘਰ-ਘਰ ਡਿਲੀਵਰੀ ਕਰਨ ਨੂੰ ਤਿਆਰ ਹੋ ਗਈ ਹੈ ਪਰ ਸਰਕਾਰ ਤੋਂ ਬੀਜਾਂ ਦੀ ਡਿਲੀਵਰੀ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਕਿ ਲੇਬਰ ਉਨ੍ਹਾਂ ਨੂੰ ਨਹੀਂ ਮਿਲ ਰਹੀ ਜੋ ਲੇਬਰ ਬੀਤੇ ਸਾਲ 2 ਹਜ਼ਾਰ ਵਿੱਚ ਕੰਮ ਕਰਦੀ ਸੀ ਉਹ ਅੱਜ 10-10 ਹਜ਼ਾਰ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕਿਸਾਨਾਂ ਦੇ ਵੱਲ ਕੋਈ ਧਿਆਨ ਨਹੀਂ। ਝੋਨੇ ਦਾ ਸੀਜ਼ਨ ਆ ਗਿਆ ਹੈ ਪਰ ਹਾਲੇ ਤੱਕ ਉਨ੍ਹਾਂ ਨੂੰ ਬਿਜਲੀ ਦੀ ਨਿਰੰਤਰ ਸਪਲਾਈ ਸ਼ੁਰੂ ਨਹੀਂ ਹੋਈ, ਕਿਸਾਨ ਪਨੀਰੀ ਬੀਜਣ ਤੋਂ ਬੈਠੇ ਹਨ।