ਲੁਧਿਆਣਾ: ਰਾਏਕੋਟ ਵਿਖੇ ਪਾਵਰਕਾਮ ਦਾ ਇੱਕ ਅਨੋਖਾ ਕਾਰਨਾਮਾ ਦੇਖਣ ਨੂੰ ਮਿਲਿਆ। ਦੱਸ ਦਈਏ ਕਿ ਪਾਵਰਕਾਮ ਨੇ ਸਾਲ 1948 ’ਚ ਲੱਗੀ ਆਈਸ ਫੈਕਟਰੀ ਨੂੰ ਸਕਿਉਰਿਟੀ ਰੀਵਾਈਜ਼ ਦੇ ਨਾਂਅ ’ਤੇ 1,56,544 ਰੁਪਏ ਜਮਾਂ ਕਰਵਾਉਣ ਦਾ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਤੋਂ ਬਾਅਦ ਫੈਕਟਰੀ ਮਾਲਕ ਦੇ ਹੋਸ਼ ਉੱਡ ਗਏ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਲਕਸ਼ਮੀ ਆਈਸ ਫੈਕਟਰੀ ਦੇ ਮਾਲਕ ਰਾਜਿੰਦਰ ਕੁਮਾਰ ਦੇ ਬੇਟੇ ਅਮਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ 1948 ਵਿੱਚ ਆਈਸ ਫੈਕਟਰੀ ਲਗਾਈ ਸੀ ਅਤੇ 1980 ਰੁਪਏ ਦੇ ਕਰੀਬ ਸਕਿਉਰਿਟੀ ਜਮ੍ਹਾਂ ਕਰਵਾਈ ਸੀ ਪਰ ਹੁਣ 72 ਸਾਲਾਂ ਬਾਅਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਏਸੀਡੀ ਦੇ ਨਾਂ ’ਤੇ ਉਨ੍ਹਾਂ ਤੋਂ 1,56,544 ਰੁਪਏ ਭਰਵਾਉਣ ਲਈ ਕਿਹਾ ਗਿਆ ਹੈ, ਜਦਕਿ 1987 ਵਿੱਚ ਵੀ ਵਿਭਾਗ ਨੇ ਸਕਿਊਰਿਟੀ ਰਿਵਾਈਜ਼ ਦੇ ਨਾਂ ’ਤੇ 32,000 ਰੁਪਏ ਭਰਵਾਏ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਵੀ ਉਨ੍ਹਾਂ ਨੇ ਦੋ ਲੱਖ ਰੁਪਏ ਦਾ ਬਿਜਲੀ ਦਾ ਬਿੱਲ ਭਰਿਆ ਸੀ।
ਇਸ ਮੌਕੇ ਅਕਾਲੀ ਆਗੂਆਂ ਨੇ ਕਿਹਾ ਕਿ ਇਹ ਪਾਵਰਕਾਮ ਅਤੇ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਹੈ। ਕੈਪਟਨ ਸਰਕਾਰ ਨੇ ਵਿਧਾਨ ਸਭਾ ਚੋਣਾਂ ਸਮੇਂ ਲੋਕਾਂ ਨੂੰ ਸਸਤੀ ਬਿਜਲੀ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਸੀ, ਪਰ ਅੱਜ ਕੈਪਟਨ ਸਰਕਾਰ ਦੇ ਇਸ਼ਾਰੇ 'ਤੇ ਪਾਵਰਕਾਮ ਲੋਕਾਂ ਨਾਲ ਸ਼ਰੇਆਮ ਧੱਕੇਸ਼ਾਹੀ ਕਰ ਰਿਹਾ ਹੈ, ਸਗੋਂ ਇਸ ਤਰ੍ਹਾਂ ਇੱਕ 72 ਸਾਲ ਪੁਰਾਣੇ ਕੁਨੈਕਸ਼ਨ ਦੀ ਦੁਬਾਰਾ ਸਕਿਉਰਿਟੀ ਮੰਗਣਾ ਸਰਸਰਾ ਨਾਜਾਇਜ਼ ਤੇ ਗੈਰ ਕਾਨੂੰਨੀ ਹੈ।
ਉਧਰ ਇਸ ਸਬੰਧ ਵਿਚ ਰਾਏਕੋਟ ਡਿਵੀਜ਼ਨ ਦੇ ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਕਾਰਵਾਈ ਪੀਐਸਪੀਸੀਐਲ ਦੇ ਨਿਯਮਾਂ ਤਹਿਤ ਕੀਤੀ ਗਈ ਹੈ, ਜਿਸ ਤਹਿਤ ਖਪਤਕਾਰ ਦੇ ਕੰਜਮਸ਼ਨ ਦੇ ਹਿਸਾਬ ਨਾਲ ਤੈਅ ਕੀਤੀ ਜਾਂਦੀ ਹੈ, ਜਦਕਿ ਅਡਵਾਂਸ ਕੰਜ਼ਪਸ਼ਨ ਸਕਿਉਰਿਟੀ ਦਰਜ ਕਰਵਾਉਣ ’ਤੇ 'ਤੇ ਖਪਤਕਾਰ ਨੂੰ ਵਿਆਜ ਵੀ ਦਿੱਤਾ ਜਾਂਦਾ ਹੈ।
ਇਹ ਵੀ ਪੜੋ: ਆਪ੍ਰੇਸ਼ਨ Blue Star ਦੀ 37ਵੀਂ ਬਰਸੀ: ਕਈ ਸਿੱਖ ਆਗੂ ਘਰਾਂ ਵਿਚ ਹੀ ਕੀਤੇ ਨਜਰਬੰਦ