ਲੁਧਿਆਣਾ: ਬੀਤੇ ਸ਼ੁੱਕਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਇਹ ਅਪੀਲ ਕੀਤੀ ਸੀ ਕਿ ਉਹ ਕੋਰੋਨਾ ਵਾਇਰਸ ਦੇ ਖ਼ਿਲਾਫ਼ ਇਕਜੁੱਟ ਹੋ ਕੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਲਈ ਆਪੋ ਆਪਣੇ ਘਰਾਂ ਦੇ ਵਿੱਚ ਰਹਿ ਕੇ ਹੀ ਮੋਮਬੱਤੀਆਂ, ਦੀਵੇ, ਮੋਬਾਈਲ ਫੋਨ ਦੀਆਂ ਟਾਰਚ ਜਗਾਉਣ।
ਪਰ ਲੋਕ ਮੁੜ ਤੋਂ ਨਿਯਮਾਂ ਅਤੇ ਆਪਣੀ ਸੁਰੱਖਿਆ ਨੂੰ ਛਿੱਕੇ ਟੰਗਕੇ ਇਕੱਠ ਕਰਦੇ ਵਿਖਾਈ ਦਿੱਤੇ। ਲੁਧਿਆਣਾ ਵਿੱਚ ਵੱਡੀ ਤਦਾਦ 'ਚ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀਆਂ ਹਦਾਇਤਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਲੋਕ ਇਕੱਠੇ ਹੋ ਕੇ ਪਟਾਕੇ ਵਜਾਉਂਦੇ ਢੋਲ ਵਜਾਉਂਦੇ ਅਤੇ ਸਮਾਜਕ ਦੂਰੀ ਨੂੰ ਖਤਮ ਕਰਦੇ ਵਿਖਾਈ ਦਿੱਤੇ।
ਇਸ ਮੌਕੇ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਸੀ ਭਾਈਚਾਰਕ ਸਾਂਝ ਅਤੇ ਇਕਜੁੱਟਤਾ ਦਾ ਸੁਨੇਹਾ ਦੇਣਾ ਚਾਹੁੰਦੇ ਹਨ ਪਰ ਇਸ ਦੌਰਾਨ ਉਹ ਇਹ ਵੀ ਭੁੱਲ ਗਏ ਕਿ ਬੀਮਾਰੀ ਦੇ ਵਿੱਚ ਸਭ ਤੋਂ ਅਹਿਮ ਗੱਲ ਇੱਕ ਦੂਜੇ ਤੋਂ ਦੂਰ ਰਹਿਣਾ ਹੈ।