ਲੁਧਿਆਣਾ: ਖੰਨਾ ਦੀ ਨਗਰ ਕੌਂਸਲ ਏ ਸ਼੍ਰੇਣੀ ਦੀ ਕੌਂਸਲ ਹੈ ਅਤੇ ਇਸ ਦਾ ਕਰੋੜਾਂ ਰੁਪਏ ਦਾ ਬਜਟ ਹੈ। ਇਸ ਦੇ ਬਾਵਜੂਦ ਇਹ ਨਗਰ ਕੌਂਸਲ ਸ਼ਹਿਰਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਤੋਂ ਅਸਮਰੱਥ ਹੈ। ਸ਼ਹਿਰ ਦੇ ਅਮਲੋਹ ਰੋਡ ਸਬਜ਼ੀ ਮੰਡੀ ਪਿੱਛੇ ਸਥਿਤ ਗੁਰੂ ਨਾਨਕ ਨਗਰ ਵਿਖੇ ਰਹਿਣ ਵਾਲੇ ਵਧੇਰੇ ਲੋਕ ਸੀਵਰੇਜ ਸਮੱਸਿਆ ਤੋਂ ਪ੍ਰੇਸ਼ਾਨ ਹਨ। ਸਾਲ ਭਰ ਗੰਦਾ ਪਾਣੀ ਲੋਕਾਂ ਦੇ ਘਰਾਂ ਬਾਹਰ ਖੜ੍ਹਾ ਰਹਿੰਦਾ ਹੈ। ਇੱਥੋਂ ਤੱਕ ਕਿ ਸਕੂਲੀ ਬੱਚਿਆਂ ਨੂੰ ਗੰਦੇ ਪਾਣੀ ਵਿੱਚੋਂ ਨਿਕਲ ਕੇ ਜਾਣਾ ਪੈਂਦਾ ਹੈ। ਇਸ ਦੇ ਰੋਸ ਵਜੋਂ ਇਲਾਕੇ ਦੇ ਲੋਕਾਂ ਨੇ ਨਗਰ ਕੌਂਸਲ ਖਿਲਾਫ ਰੋਸ ਮੁਜਾਹਰਾ ਕੀਤਾ। ਸਮੱਸਿਆ ਦਾ ਹੱਲ ਨਾ ਹੋਣ ਦੀ ਸੂਰਤ 'ਚ ਸੜਕਾਂ 'ਤੇ ਉਤਰਨ ਦੀ ਚਿਤਾਵਨੀ ਦਿੱਤੀ।
ਮੱਛਰਾਂ ਦੀ ਭਰਮਾਰ: ਲੋਕਾਂ ਦਾ ਕਹਿਣਾ ਹੈ ਕਿ ਚਾਰੇ ਪਾਸੇ ਸੀਵਰੇਜ ਦਾ ਗੰਦਾ ਪਾਣੀ ਘਰਾਂ ਦੇ ਅੰਦਰ ਤੱਕ ਆ ਚੁੱਕਾ ਹੈ। ਦਿਨ ਰਾਤ ਬਦਬੂ ਫੈਲੀ ਰਹਿੰਦੀ ਹੈ। ਮੱਛਰਾਂ ਦੀ ਭਰਮਾਰ ਹੈ ਅਤੇ ਰੋਜ਼ਾਨਾ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਕਦੇ ਬੁਖਾਰ, ਕਦੇ ਜੁਕਾਮ, ਕਦੇ ਖਂਘ ਅਤੇ ਕਦੇ ਚਮੜੀ ਨਾਲ ਸਬੰਧਤ ਰੋਗ ਤੋਂ ਪੀੜਤ ਰਹਿੰਦਾ ਹੈ। ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ। ਰਿਸ਼ਤੇਦਾਰਾਂ ਨੇ ਆਉਣਾ ਬੰਦ ਕਰ ਦਿੱਤਾ ਹੈ। ਇੱਥੋਂ ਤੱਕ ਕਿ ਕਈ ਘਰਾਂ ਦੇ ਮੁੰਡਿਆਂ ਦੇ ਰਿਸ਼ਤੇ ਵੀ ਇਸ ਕਰਕੇ ਨਹੀਂ ਹੋਏ ਕਿ ਇੱਥੋਂ ਦੀਆਂ ਗਲੀਆਂ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀਆਂ ਰਹਿੰਦੀਆਂ ਹਨ। ਇਹ ਹਾਲ ਹੈ ਖੰਨਾ ਦੇ ਅਮਲੋਹ ਰੋਡ ਸਬਜ਼ੀ ਮੰਡੀ ਪਿੱਛੇ ਸਥਿਤ ਗੁਰੂ ਨਾਨਕ ਨਗਰ ਦੀਆਂ ਕਈ ਗਲੀਆਂ ਦਾ ਲੰਬੇ ਸਮੇਂ ਤੋਂ ਲੋਕ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ। ਬਹੁਤ ਵਾਰ ਇਲਾਕੇ ਦੇ ਕੌਂਸਲਰਾਂ ਕੋਲ ਜਾ ਚੁੱਕੇ ਹਨ। ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਫਰਿਆਦ ਕਰ ਚੁੱਕੇ ਹਨ। ਇਲਾਕੇ ਦੇ ਬੁਰੇ ਹਾਲਾਤਾਂ ਦੀ ਵੀਡੀਓ ਬਣਾ ਕੇ ਵੱਡੇ-ਵੱਡੇ ਅਧਿਕਾਰੀਆਂ ਨੂੰ ਭੇਜ ਚੁੱਕੇ ਹਨ। ਇਸ ਦੇ ਬਾਵਜੂਦ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ।
ਸਕੂਲੀ ਵੈਨਾਂ ਵੀ ਗਲੀਆਂ ਅੰਦਰ ਨਹੀਂ ਆਉਂਦੀਆਂ: ਆਖਿਰਕਾਰ ਲੋਕਾਂ ਨੇ ਗੁੱਸੇ 'ਚ ਆ ਕੇ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਗੁਰੂ ਨਾਨਕ ਨਗਰ ਦੀਆਂ ਵਧੇਰੇ ਗਲੀਆਂ ਅੰਦਰ ਕਈ ਸਾਲਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਜਮ੍ਹਾਂ ਰਹਿੰਦਾ ਹੈ। ਘਰਾਂ ਦੇ ਅੰਦਰ ਤੱਕ ਇਹ ਪਾਣੀ ਪਹੁੰਚ ਚੁੱਕਾ ਹੈ। ਹਾਲਾਤ ਇਹ ਹਨ ਕਿ ਸਕੂਲੀ ਵੈਨਾਂ ਵੀ ਗਲੀਆਂ ਅੰਦਰ ਨਹੀਂ ਆਉਂਦੀਆਂ। ਬੱਚੇ ਗੰਦੇ ਪਾਣੀ ਵਿੱਚੋਂ ਨਿਕਲ ਕੇ ਸਕੂਲ ਜਾਂਦੇ ਹਨ। ਕਈ ਬੱਚੇ ਇਸੇ ਕਾਰਨ ਸਕੂਲ ਵੀ ਨਹੀਂ ਜਾਂਦੇ ਕਿ ਗਲੀ ਅੰਦਰ ਗੰਦਾ ਪਾਣੀ ਜਮ੍ਹਾਂ ਹੈ। ਗੁੱਸੇ 'ਚ ਭਰੇ ਲੋਕਾਂ ਨੇ ਕਿਹਾ ਕਿ ਵੋਟਾਂ ਮੰਗਣ ਲਈ ਤਾਂ ਹਰੇਕ ਪਾਰਟੀ ਦੇ ਨੁਮਾਇੰਦੇ ਆਉਂਦੇ ਰਹੇ, ਪ੍ਰੰਤੂ ਵੋਟਾਂ ਮਗਰੋਂ ਕਿਸੇ ਨੇ ਸ਼ਕਲ ਨਹੀਂ ਦਿਖਾਈ। ਕੌਂਸਲਰ ਦਾ ਤਾਂ ਕੋਈ ਥਹੁੰ-ਠਿਕਾਣਾ ਹੀ ਨਹੀਂ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਜੇਕਰ ਹੁਣ ਵੀ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਨਗਰ ਕੌਂਸਲ ਬਾਹਰ ਧਰਨੇ ਲਾਉਣਗੇ ਅਤੇ ਸੜਕਾਂ ਜਾਮ ਕਰਨਗੇ।
- Transfer in Tihar Jail: ਤਿਹਾੜ ਜੇਲ੍ਹ 'ਚ ਵੱਡਾ ਫੇਰਬਦਲ, 80 ਅਧਿਕਾਰੀਆਂ ਦਾ ਤਬਾਦਲਾ, ਜਾਣੋ ਕਾਰਨ
- NITI Aayog Meeting Boycott: ਕੇਂਦਰ ਨਾਲ ਵਧੀ CM ਮਾਨ ਦੀ ਤਲਖ਼ੀ, ਨੀਤੀ ਆਯੋਗ ਦੀ ਮੀਟਿੰਗ ਦਾ ਕੀਤਾ ਬਾਈਕਾਟ
- ਪੁਲਿਸ ਦੀ ਕਾਰਵਾਈ ਤੋਂ ਨਾਖੁਸ਼ ਵਿਅਕਤੀ ਚੜ੍ਹਿਆ ਟੈਂਕੀ ਉਤੇ; ਖੁਦਕੁਸ਼ੀ ਦੀ ਦਿੱਤੀ ਧਮਕੀ
ਸਮੱਸਿਆ ਕਾਫੀ ਗੰਭੀਰ: ਦੂਜੇ ਪਾਸੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਸਵੀਕਾਰ ਕੀਤਾ ਕਿ ਇਹ ਸਮੱਸਿਆ ਕਾਫੀ ਗੰਭੀਰ ਹੈ। ਇਲਾਕੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਉਹਨਾਂ ਕੋਲ ਆ ਰਹੀਆਂ ਹਨ। ਇਸ ਦੇ ਹੱਲ ਲਈ ਨਗਰ ਕੌਂਸਲ ਵੱਲੋਂ 1 ਕਰੋੜ 31 ਲੱਖ ਰੁਪਏ ਦਾ ਟੈਂਡਰ ਸੀਵਰੇਜ ਬੋਰਡ ਨੂੰ ਦਿੱਤਾ ਗਿਆ ਹੈ, ਜਿਸ ਵਿੱਚੋਂ 1 ਕਰੋੜ ਰੁਪਏ ਸੀਵਰੇਜ ਬੋਰਡ ਨੂੰ ਜਾਰੀ ਕੀਤੇ ਜਾ ਚੁੱਕੇ ਹਨ। ਸੀਵਰੇਜ ਲਾਈਨਾਂ ਬੰਦ ਹੋਣ ਕਰਕੇ ਇਹ ਸਮੱਸਿਆ ਆ ਰਹੀ ਹੈ। ਸੀਵਰੇਜ ਲਾਈਨਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ। ਉਮੀਦ ਹੈ ਕਿ 10 ਦਿਨਾਂ ਅੰਦਰ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ।