ਲੁਧਿਆਣਾ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਸਾਲ ਪੀਏਯੂ ਵਿੱਚ ਵਰਚੁਅਲ ਕਿਸਾਨ ਮੇਲਾ ਲਗਾਇਆ ਜਾਵੇਗਾ। ਵਰਚੁਅਲ ਕਿਸਾਨ ਮੇਲੇ ਵਿੱਚ ਆਨਲਾਈਨ ਹੀ ਕਿਸਾਨਾਂ ਨੂੰ ਆਧੁਨਿਕ ਖੇਤੀ ਸੰਦਾਂ, ਬੀਜਾਂ ਦੀ ਜਾਣਕਾਰੀ ਦਿੱਤੀ ਜਾਵੇਗੀ।
ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ ਐਕਸਟੈਨਸ਼ਨ ਐਜੂਕੇਸ਼ਨ ਡਾ. ਜਸਕਰਨ ਮਾਹਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਧੇਨਜ਼ਰ ਸੂਬਾ ਸਰਕਾਰ ਨੇ ਕਿਸੇ ਤਰ੍ਹਾਂ ਦੇ ਇਕੱਠ ਨਾ ਕਰਨ ਦੀ ਹਦਾਇਤ ਦਿੱਤੀ ਹੈ। ਇਸ ਕਰਕੇ ਇਸ ਸਾਲ ਵਰਚੁਅਲ ਕਿਸਾਨ ਮੇਲਾ ਲਗਾਇਆ ਜਾਵੇਗਾ। ਇਹ ਮੇਲਾ 18 ਤੇ 19 ਸਤੰਬਰ ਨੂੰ ਲੱਗੇਗਾ। ਉਨ੍ਹਾਂ ਕਿਹਾ ਕਿ ਪੀਏਯੂ ਵਿੱਚ ਵਰਚੁਅਲ ਕਿਸਾਨ ਮੇਲੇ ਨੂੰ ਲਗਾਉਣ ਲਈ ਪੀਏਯੂ ਵੱਲੋਂ ਤਕਨੀਕੀ ਮਾਹਰਾਂ ਦੀ ਟੀਮ ਵਿਸ਼ੇਸ਼ ਤੌਰ ਉੱਤੇ ਲਗਾਈ ਗਈ ਹੈ ਜੋ ਕਿ ਦਿਨ ਰਾਤ ਇਸ ਉੱਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਇਸ ਸਾਲ ਕਿਸਾਨਾਂ ਨੂੰ ਵੱਧ ਤੋਂ ਵੱਧ ਵਰਚੁਅਲ ਕਿਸਾਨ ਮੇਲੇ ਵਿੱਚ ਆਨਲਾਈਨ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਹ ਵੀ ਕਿਹਾ ਕਿ ਕਿਸਾਨ www.kisanmela.pau.edu ਸਾਈਟ ਰਾਹੀਂ ਵਰਚੁਅਲ ਕਿਸਾਨ ਮੇਲੇ ਵਿੱਚ ਜੁੜ ਸਕਦੇ ਹਨ।
ਬੀਜ ਸਟੋਰ ਮਾਲਕ ਕਰਮਜੀਤ ਸਿੰਘ ਨੇ ਕਿਹਾ ਕਿ ਇਸ ਵਰਚੁਅਲ ਮੇਲੇ ਵਿੱਚ ਉਨ੍ਹਾਂ ਦੇ ਨਵੇਂ ਬੀਜਾਂ ਦੀ ਜ਼ਿਆਦਾ ਖਰੀਦ ਨਹੀਂ ਹੋਵੇਗੀ ਤੇ ਇਸ ਮੇਲੇ ਨਾਲ ਲੋਕਲ ਕਿਸਾਨ ਹੀ ਜੁੜਣਗੇ। ਦੂਜੇ ਸੂਬਿਆਂ ਤੋਂ ਕਿਸਾਨਾਂ ਦੇ ਆਉਣ ਨਾਲ ਉਨ੍ਹਾਂ ਨੂੰ ਹਰ ਸਾਲ ਕਿਸਾਨ ਮੇਲੇ ਤੋਂ ਕਾਫੀ ਮੁਨਾਫਾ ਹੁੰਦਾ ਸੀ ਪਰ ਇਸ ਵਾਰ ਮੁਨਾਫਾ ਨਾਮਾਤਰ ਹੈ।
ਕਿਸਾਨ ਨੇ ਕਿਹਾ ਕਿ ਇਸ ਸਾਲ ਕਿਸਾਨ ਮੇਲਾ ਆਨਲਾਈਨ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੇਲੇ ਵਿੱਚ ਜਦੋਂ ਉਹ ਘੁੰਮਦੇ ਹੁੰਦੇ ਸੀ ਤਾਂ ਉਨ੍ਹਾਂ ਨੂੰ ਨਵੀਂ ਤਕਨੀਕੀ ਦਾ ਗਿਆਨ ਮਿਲਦਾ ਸੀ ਤੇ ਉਹ ਚੀਜ਼ ਨੂੰ ਛੂ ਕੇ ਵੀ ਦੇਖ ਸਕਦੇ ਸੀ ਪਰ ਵਰਚੁਅਲ ਮੇਲੇ ਵਿੱਚ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਵਾਰ ਦੇ ਮੇਲੇ ਕੁਝ ਖ਼ਾਸ ਉਮੀਦ ਨਹੀਂ ਹੈ।
ਇਹ ਵੀ ਪੜ੍ਹੋ:ਲੁਧਿਆਣਾ: ਸਕੂਲ ਫ਼ੀਸ ਨੂੰ ਲੈ ਕੇ ਨਿੱਜੀ ਸਕੂਲ ਦੇ ਖ਼ਿਲਾਫ਼ ਮਾਪਿਆਂ ਨੇ ਕੀਤਾ ਪ੍ਰਦਰਸ਼ਨ