ਲੁਧਿਆਣਾ: ਪੰਜਾਬ ਦੇ ਵਿੱਚ ਬੀਤੇ ਦੋ ਦਿਨ ਤੋਂ ਪੈ ਰਹੀ ਲਗਾਤਾਰ ਬਰਸਾਤ ਦੇ ਨਾਲ ਹੁਣ ਪ੍ਰਦੂਸ਼ਣ ਖਤਮ ਹੋ ਗਿਆ ਹੈ ਅਤੇ ਮੌਸਮ ਸਾਫ਼ ਹੋ ਗਿਆ ਹੈ ਲੋਕਾਂ ਨੂੰ ਪ੍ਰਦੂਸ਼ਣ ਤੋਂ ਵੀ ਛੁਟਕਾਰਾ ਮਿਲਿਆ ਹੈ। ਇਹ ਦਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਦਰਤ ਨੇ ਲੋਕਾਂ ਨੂੰ ਦੀਵਾਲੀ ਦਾ ਇਹ ਤੋਹਫ਼ਾ ਦਿੱਤਾ ਹੈ ਕਿ ਉਹਨਾਂ ਨੂੰ ਪ੍ਰਦੂਸ਼ਣ ਤੋਂ ਮੁਕਤੀ ਮਿਲੀ ਹੈ ਜੋ ਪਰਾਲੀ ਸਾੜਨ ਨਾਲ, ਅਤੇ ਪਟਾਕੇ ਚਲਾਉਣ ਨਾਲ ਹੋਇਆ ਸੀ।
ਖੇਤੀ ਲਈ ਲਾਹੇਵੰਦ ਇਹ ਬਰਸਾਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਮੌਸਮ ਵਿਭਾਗ ਦੀ ਮੁੱਖੀ ਡਾਕਟਰ ਨਵਜੋਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਕਣਕ ਦੀ ਫ਼ਸਲ ਬੀਜੀ ਜਾ ਰਹੀ ਹੈ ਅਤੇ ਇਹ ਮੌਸਮ ਅਤੇ ਬਾਰਿਸ਼ ਦੋਵੇਂ ਹੀ ਕਣਕ ਦੀ ਫਸਲ ਲਈ ਲਾਹੇਵੰਦ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿਚ ਬੀਤੇ ਦਿਨੀਂ ਪਰਾਲੀ ਜਲਾਉਣ ਕਰਕੇ ਅਤੇ ਪਟਾਕੇ ਚਲਾਉਣ ਕਰਕੇ ਜੋ ਪ੍ਰਦੂਸ਼ਣ ਹੋਇਆ ਸੀ ਉਹ ਅਸਮਾਨ ਵਿਚ ਚੜ੍ਹਿਆ ਹੋਇਆ ਸੀ ਪਰ ਬਰਸਾਤ ਪੈਣ ਨਾਲ ਇਸ ਪ੍ਰਦੂਸ਼ਣ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। 15 ਸਤੰਬਰ ਤੋਂ ਬਾਅਦ ਪੰਜਾਬ ਦੇ ਵਿੱਚ ਮੀਂਹ ਨਹੀਂ ਪਿਆ ਸੀ ਅਤੇ ਇਸ ਬਰਸਾਤ ਨੇ ਲੋਕਾਂ ਨੂੰ ਖੁਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਲੋਕਾਂ ਤੇ ਮਿਹਰਬਾਨ ਹੋਈ ਹੈ ਪਰ ਲੋਕਾਂ ਨੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਚ ਕੋਈ ਕਸਰ ਨਹੀਂ ਛੱਡੀ ਸੀ।