ਲੁਧਿਆਣਾ: ਖੇਤੀ ਬਿੱਲ ਦੇ ਵਿਰੁੱਧ ਅੱਜ ਪੰਜਾਬ ਵਿੱਚ 31 ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਹੈ। ਜਿੱਥੇ ਕਿਸਾਨਾਂ ਨੂੰ ਹਮਾਇਤ ਦੇਣ ਲਈ ਅਦਾਕਾਰ, ਕਲਾਕਾਰ ਅਤੇ ਹੋਰ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਸੜਕਾਂ 'ਤੇ ਉਤਰੀਆਂ ਹਨ, ਉੱਥੇ ਹੀ ਹੁਣ ਐਨਆਰਆਈ ਵੀ ਕਿਸਾਨਾਂ ਦਾ ਸਾਥ ਦੇਣ ਲਈ ਮੈਦਾਨ ਵਿੱਚ ਆ ਗਏ ਹਨ।
ਲੁਧਿਆਣਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨਾਂ ਵੱਲੋਂ ਖੇਤੀ ਬਿੱਲਾਂ ਦੇ ਖ਼ਿਲਾਫ਼ ਦਿੱਤੇ ਜਾ ਰਹੇ ਧਰਨੇ ਦਾ ਸਮਰਥਨ ਦੇਣ ਲਈ ਵੱਡੀ ਗਿਣਤੀ ਵਿੱਚ ਐੱਨ.ਆਰ.ਆਈ ਪਹੁੰਚੇ। ਇਨ੍ਹਾਂ ਐੱਨ.ਆਰ.ਆਈ ਨੌਜਵਾਨਾਂ ਨੇ ਕਿਹਾ ਕਿ ਹੁਣ ਪੰਜਾਬ ਨੂੰ ਉਨ੍ਹਾਂ ਦੀ ਲੋੜ ਹੈ ਅਤੇ ਉਹ ਬਾਹਰ ਜਾਣਾ ਰੱਦ ਕਰਕੇ ਆਪਣੇ ਪੁਰਖਿਆਂ ਦਾ ਸਾਥ ਦੇਣਗੇ।
ਐਨ.ਆਰ.ਆਈ ਨੌਜਵਾਨਾਂ ਨੇ ਕਿਹਾ ਕਿ ਅੱਜ ਖੇਤੀ ਘਾਟੇ ਵੱਲ ਜਾ ਰਹੀ ਹੈ ਅਤੇ ਸਰਕਾਰਾਂ ਕਿਸਾਨਾਂ ਦਾ ਸ਼ੋਸ਼ਣ ਕਰ ਰਹੀ ਹੈ। ਜਿਸ ਕਰਕੇ ਹੁਣ ਨੌਜਵਾਨਾਂ ਨੂੰ ਵਿਦੇਸ਼ਾਂ ਦਾ ਰੁੱਖ ਛੱਡ ਕੇ ਕਿਸਾਨੀ ਵਿੱਚ ਹੋਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬਜ਼ੁਰਗ ਪੜ੍ਹੇ-ਲਿਖੇ ਨਹੀਂ ਸਨ। ਜਿਸ ਕਰਕੇ ਖੇਤੀ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਹੁਣ ਉਹ ਆਪਣੇ ਹੱਕਾਂ ਪ੍ਰਤੀ ਚੰਗੀ ਤਰ੍ਹਾਂ ਜਾਣੂ ਹਨ ਅਤੇ ਸੰਘਰਸ਼ ਕਰਨਾ ਜਾਣਦੇ ਹਨ। ਜਿਸ ਕਰਕੇ ਅੱਜ ਉਹ ਇਨ੍ਹਾਂ ਧਰਨਿਆਂ ਲਈ ਸ਼ਾਮਲ ਹੋਏ ਹਨ।
ਦੱਸ ਦੇਈਏ ਕਈ ਨੌਜਵਾਨ ਅਜਿਹੇ ਵੀ ਸਨ, ਜਿਨ੍ਹਾਂ ਦੇ ਵਿਜੇ ਆ ਗਏ ਸਨ ਪਰ ਉਨ੍ਹਾਂ ਨੇ ਵੀ ਵਿਦੇਸ਼ਾਂ 'ਚ ਜਾਣਾ ਰੱਦ ਕਰ ਦਿੱਤਾ। ਨੌਜਵਾਨ ਕਿਸਾਨਾਂ ਨੇ ਕਿਹਾ ਕਿ ਅੱਜ ਕਿਸਾਨੀ ਨੂੰ ਨੌਜਵਾਨ ਪੀੜ੍ਹੀ ਦੀ ਲੋੜ ਹੈ ਅਤੇ ਜੇਕਰ ਅੱਜ ਉਹ ਪੰਜਾਬ ਛੱਡ ਕੇ ਚਲੇ ਗਏ ਤਾਂ ਕਿਸਾਨੀ ਖਤਮ ਹੋ ਜਾਵੇਗੀ ਅਤੇ ਉਨ੍ਹਾਂ ਦੇ ਪੁਰਖਿਆਂ ਦਾ ਵੱਡਾ ਨੁਕਸਾਨ ਹੋਵੇਗਾ।