ਖੰਨਾ : ਖੰਨਾ 'ਚ ਨੈਸ਼ਨਲ ਹਾਈਵੇ 'ਤੇ ਪਿੰਡ ਕੌੜੀ ਨਜ਼ਦੀਕ ਹਾਦਸੇ ਦਾ ਸ਼ਿਕਾਰ ਨੌਜਵਾਨ ਮੋਟਰਸਾਈਕਲ ਦੇ ਥੱਲੇ ਫਸਿਆ ਤੜਫ਼ ਰਿਹਾ ਸੀ। ਕੋਈ ਰਾਹਗੀਰ ਮਦਦ ਲਈ ਨਹੀਂ ਰੁਕ ਰਿਹਾ ਸੀ। ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਾਫਲਾ ਇੱਥੋਂ ਨਿਕਲ ਰਿਹਾ ਸੀ। ਨੌਜਵਾਨ ਨੂੰ ਦੇਖ ਕੇ ਸਿੱਧੂ ਨੇ ਗੱਡੀਆਂ ਰੋਕ ਲਈਆਂ। ਜ਼ਖ਼ਮੀ ਨੂੰ ਆਪਣੀ ਜਿਪਸੀ ਵਿੱਚ ਸਿਵਲ ਹਸਪਤਾਲ ਪਹੁੰਚਾਇਆ। ਸਿੱਧੂ ਦੇ ਸੁਰੱਖਿਆ ਮੁਲਾਜ਼ਮ ਉੱਥੋਂ ਜਖ਼ਮੀ ਨੂੰ ਹਸਪਤਾਲ ਦਾਖ਼ਲ ਕਰਵਾ ਕੇ ਆਏ। ਸਿੱਧੂ ਦੀ ਇਸ ਕੋਸ਼ਿਸ਼ ਨਾਲ ਨੌਜਵਾਨ ਦੀ ਜਾਨ ਬਚ ਗਈ ਅਤੇ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ।
ਕਾਂਗਰਸ ਦੇ ਸੱਤਿਆਗ੍ਰਹਿ ਅੰਦੋਲਨ ਤੋਂ ਪਰਤ ਰਹੇ ਸੀ ਸਿੱਧੂ : ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਲੁਧਿਆਣਾ 'ਚ ਕਾਂਗਰਸ ਦੇ ਸੱਤਿਆਗ੍ਰਹਿ ਅੰਦੋਲਨ ਤੋਂ ਬਾਅਦ ਪਟਿਆਲਾ ਪਰਤ ਰਹੇ ਸਨ। ਖੰਨਾ ਵਿਖੇ ਪਿੰਡ ਕੌੜੀ ਸਥਿਤ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਫੈਕਟਰੀ ਵਿਖੇ ਸਿੱਧੂ ਰੁਕੇ। ਦੂਲੋ ਨੂੰ ਮਿਲਣ ਮਗਰੋਂ ਉਹ ਜਿਵੇਂ ਹੀ ਪਟਿਆਲਾ ਲਈ ਨਿਕਲੇ ਤਾਂ ਬਾਹਰ ਜੀਟੀ ਰੋਡ ਉਪਰ ਮੋਟਰਸਾਈਕਲ ਸਵਾਰ ਨੌਜਵਾਨ ਖੂਨ ਨਾਲ ਲੱਥਪੱਥ ਦੇਖਿਆ। ਸਿੱਧੂ ਨੇ ਤੁਰੰਤ ਉਸਦੀ ਮਦਦ ਕੀਤੀ। ਜ਼ਖਮੀ ਦੀ ਪਛਾਣ ਰਾਜਵਿੰਦਰ ਸਿੰਘ (25) ਵਾਸੀ ਪਿੰਡ ਰੋਹਟੇ ਨਾਭਾ ਵਜੋਂ ਹੋਈ, ਜਿਸਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ।
- ਮੁੱਖ ਮੰਤਰੀ ਭਗਵੰਤ ਮਾਨ ਨੇ ਭਾਖੜਾ ਡੈਮ ਦਾ ਕੀਤਾ ਦੌਰਾ, ਕਿਹਾ-ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ, ਹਾਲਾਤ ਕੰਟਰੋਲ 'ਚ
- ਮੁੱਖ ਮੰਤਰੀ ਨਾਲ ਦੋ ਕਿਸਾਨ ਜਥੇਬੰਦੀਆਂ ਦੀ 18 ਅਗਸਤ ਨੂੰ ਹੋਵੇਗੀ ਮੀਟਿੰਗ, 24 ਅਤੇ 25 ਜੁਲਾਈ ਦੇ ਧਰਨੇ ਮੁਲਤਵੀ
- ਵਿਧਾਇਕ ਦੇਵ ਮਾਨ ਦੀ ਮੰਗ ਦਾ ਗਿਆਸਪੁਰਾ ਨੇ ਦਿੱਤਾ ਜਵਾਬ, ਕਿਹਾ-ਸਾਨੂੰ ਤਾਂ CM ਭਗਵੰਤ ਮਾਨ ਹੀ ਦਲਿਤ ਲੱਗਦੇ ਹਨ....
ਦੂਜੇ ਪਾਸੇ ਸਿੱਧੂ ਦੇ ਸੁਰੱਖਿਆ ਕਰਮੀਆਂ ਵੱਲੋਂ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਉਣ ਤੋਂ ਬਾਅਦ ਸ਼ਮਸ਼ੇਰ ਸਿੰਘ ਦੂਲੋ ਨੌਜਵਾਨ ਦਾ ਹਾਲ-ਚਾਲ ਜਾਣਨ ਗਏ। ਉਥੇ ਹੀ ਨਵਜੋਤ ਸਿੱਧੂ ਦੇ ਸੁਰੱਖਿਆ ਕਰਮੀ ਏਐਸਆਈ ਗੁਰਮੇਜ ਸਿੰਘ ਨੇ ਦੱਸਿਆ ਕਿ ਨੌਜਵਾਨ ਜਦੋਂ ਤੜਫ ਰਿਹਾ ਸੀ ਤਾਂ ਉਸ ਕੋਲ 10-12 ਲੋਕ ਖੜ੍ਹੇ ਸੀ। ਕੋਈ ਮਦਦ ਨਹੀਂ ਕਰ ਰਿਹਾ ਸੀ। ਇਸੇ ਦੌਰਾਨ ਨਵਜੋਤ ਸਿੱਧੂ ਨੇ ਗੱਡੀਆਂ ਰੁਕਵਾਈਆਂ ਅਤੇ ਜਿਪਸੀ 'ਚ ਨੌਜਵਾਨ ਨੂੰ ਹਸਪਤਾਲ ਭੇਜਿਆ।
ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ : ਸਰਕਾਰੀ ਹਸਪਤਾਲ ਵਿਖੇ ਡਾਕਟਰ ਰਾਘਵ ਨੇ ਦੱਸਿਆ ਕਿ ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਸਦੇ ਪੱਟ ਵਿਚ ਫਰੈਕਚਰ ਹੈ। ਸਰੀਰ 'ਤੇ ਕੁਝ ਹੋਰ ਸੱਟਾਂ ਵੀ ਹਨ। ਸਿੱਧੂ ਅਤੇ ਦੂਲੋ ਦੇ ਯਤਨਾਂ ਸਦਕਾ ਨੌਜਵਾਨ ਸਮੇਂ ਸਿਰ ਇੱਥੇ ਪਹੁੰਚ ਗਿਆ। ਜਿਸਨੂੰ ਇਲਾਜ ਕਰਕੇ ਸਥਿਰ ਕੀਤਾ ਗਿਆ। ਹੁਣ ਪਰਿਵਾਰਕ ਮੈਂਬਰਾਂ ਦੇ ਕਹਿਣ 'ਤੇ ਨੌਜਵਾਨ ਨੂੰ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।