ਖੰਨਾ: ਕਿਸੇ ਵੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਸਾਜ਼ਾਂ ਦੀ ਬਹੁਤ ਪ੍ਰਮੁੱਖਤਾ ਹੁੰਦੀ ਹੈ ਕਿਉਂਕਿ ਇਹ ਸਾਜ਼ ਹਰ ਖੁਸ਼ੀ ਨੂੰ ਵਧਾ ਦਿੰਦੇ ਹਨ। ਇਨ੍ਹਾਂ ਸਾਜ਼ਾਂ ਨੂੰ ਵਜਾਉਣ ਵਾਲੇ ਸਾਜ਼ੀਆਂ ਦਾ ਮੁੱਖ ਰੋਲ ਹੁੰਦਾ ਹੈ।
ਪਰ ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਵਿਆਹਾਂ ਵਿੱਚ ਜ਼ਿਆਦਾ ਇਕੱਠ ਕਰਨ ਉੱਤੇ ਪਾਬੰਦੀ ਲੱਗੀ, ਉੱਥੇ ਹੀ ਮੈਰਿਜ ਪੈਲੇਸਾਂ ਵਿੱਚ ਵਿਆਹ ਕਰਨ ਉੱਤੇ ਵੀ ਰੋਕ ਲਗਾਈ ਗਈ। ਇਸ ਰੋਕ ਕਾਰਨ ਸੰਗੀਤਕ ਕਲਾਕਾਰ ਪ੍ਰੋਗਰਾਮਾਂ ਤੋਂ ਵਾਂਝੇ ਰਹਿ ਗਏ।
ਕੋਰੋਨਾ ਵਾਇਰਸ ਦੀ ਸਭ ਤੋਂ ਵੱਧ ਮਾਰ ਉਨ੍ਹਾਂ ਸਾਜ਼ੀਆਂ ਉੱਤੇ ਪਈ ਜਿਨ੍ਹਾਂ ਨੇ ਕਲਾਕਾਰਾਂ ਨਾਲ ਆਪਣੇ ਸਾਜ਼ਾਂ ਨੂੰ ਵਜਾ ਕੇ ਆਪਣੀ ਮਿਹਨਤ ਲੈਣੀ ਹੁੰਦੀ ਹੈ।
ਪੰਜਾਬ ਦੇ ਪ੍ਰਸਿੱਧ ਪਿੰਡ ਜਰਗ, ਜਿੱਥੇ ਹਰ ਸਾਲ ਪੰਜਾਬ ਦਾ ਪ੍ਰਸਿੱਧ ਮਾਤਾ ਦਾ ਮੇਲਾ ਲੱਗਦਾ ਹੈ। ਉੱਥੇ ਕੁੱਝ ਸਾਜ਼ੀ ਬੈਠੇ ਰਿਆਜ਼ ਕਰ ਰਹੇ ਸਨ, ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੇ ਦੁੱਖਾਂ ਦੀ ਕਹਾਣੀ ਸਾਂਝੀ ਕੀਤੀ ਅਤੇ ਈਟੀਵੀ ਭਾਰਤ ਦੇ ਮਾਧਿਅਮ ਦੇ ਨਾਲ ਸਰਕਾਰ ਤੋਂ ਯੋਗ ਮਦਦ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਕੁੱਝ ਰਾਸ਼ੀ ਲੋਨ ਦੇ ਰੂਪ ਵਿੱਚ ਮੁਹੱਈਆ ਕਰਵਾ ਦੇਵੇ ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਉਹ ਜਿਵੇਂ ਹੀ ਉਨ੍ਹਾਂ ਦਾ ਕੰਮ ਚੱਲੇਗਾ, ਉਹ ਉਸ ਰਾਸ਼ੀ ਨੂੰ ਵਾਪਸ ਮੋੜ ਦੇਣਗੇ।
ਕਲਾਕਾਰਾਂ ਅਤੇ ਸਾਜ਼ੀਆਂ ਨੇ ਮੰਗ ਕੀਤੀ ਕਿ ਜੇ ਸਰਕਾਰ ਇੰਨਾ ਵੀ ਨਹੀਂ ਕਰ ਸਕਦੀ ਤਾਂ ਉਨ੍ਹਾਂ ਦੇ ਖ਼ਰਚਿਆਂ ਵਿੱਚ ਹੀ ਮਦਦ ਕਰ ਦੇਵੇ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਜੋ ਕਰੋਨਾ ਮਹਾਂਮਾਰੀ ਦੇ ਦੌਰਾਨ ਲੋਕਾਂ ਦੀ ਜ਼ਰੂਰਤ ਦੀਆਂ ਵਸਤੂਆਂ ਨਾਲ ਮਦਦ ਕੀਤੀ ਹੈ, ਇਹ ਸਰਕਾਰ ਦਾ ਬਹੁਤ ਸ਼ਲਾਘਾਯੋਗ ਕਦਮ ਹੈ ਅਸੀਂ ਇਸ ਕੰਮ ਲਈ ਸਰਕਾਰ ਦੀ ਪ੍ਰਸੰਸਾ ਕਰਦੇ ਹਾਂ ।