ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਹਰ ਰੋਜ਼ ਵਾਰਦਾਤਾਂ ਹੋ ਰਹੀਆਂ ਹਨ। ਲੁਧਿਆਣਾ ਦੇ ਪੌਸ਼ ਇਲਾਕੇ ਮਾਡਲ ਗ੍ਰਾਮ 'ਚ ਲੁੱਟ ਦੀ ਨੀਅਤ ਨਾਲ ਬੂਟਾਂ ਦੇ ਵਪਾਰੀ ਦਾ ਕਤਲ ਕਰ ਦਿੱਤਾ ਗਿਆ ਹੈ। ਦੋ ਬਾਈਕ ਸਵਾਰਾਂ ਨੇ ਆ ਕੇ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਦੀ ਕੁੱਝ ਸੀ.ਸੀ.ਟੀ.ਵੀ. ਸਾਹਮਣੇ ਆਈ ਹੈ। ਜਦੋਂ ਵਪਾਰੀ ਮਨਜੀਤ ਸਿੰਘ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਸਕੂਟਰ 'ਤੇ ਇੱਕ ਬੈਗ ਲੈ ਕੇ ਵਾਪਸ ਆ ਰਿਹਾ ਸੀ ਤਾਂ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਉਸ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਮਨਜੀਤ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਬਾਅਦ 'ਚ ਉਸ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਸੋਗ ਦਾ ਮਾਹੌਲ: ਵਾਰਦਾਤ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਮੁਲਜ਼ਮਾਂ ਕੋਲ ਬੰਦੂਕ ਵੀ ਸੀ ਅਤੇ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਹੋ ਗਏ। ਲੋਕਾਂ ਨੇ ਦੱਸਿਆ ਕਿ ਪੁਲਿਸ ਪੂਰੀ ਰਾਤ ਤੋਂ ਕਾਰਵਾਈ ਵਿੱਚ ਲੱਗੀ ਹੋਈ ਸੀ। ਦੂਜੇ ਪਾਸੇ ਪੁਲਿਸ ਨੇ ਜ਼ਿਆਦਾ ਕੁਝ ਕਹੇ ਬਿਨਾਂ ਸਿਰਫ ਇੰਨਾ ਹੀ ਕਿਹਾ ਹੈ ਕਿ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਜਿੱਥੇ ਇਹ ਪੂਰੀ ਵਾਰਦਾਤ ਹੋਈ ਹੈ ਉਸ ਦੇ ਨਾਲ ਹੀ ਲੁਧਿਆਣਾ ਤੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਘਰ ਕੁੱਝ ਹੀ ਦੂਰੀ ਉੱਤੇ ਹੈ। ਵਾਰਦਾਤ ਵਾਲੀ ਥਾਂ ਤੋਂ ਥੋੜ੍ਹੀ ਦੂਰੀ ਉੱਤੇ ਪੁਲਿਸ ਸਟੇਸ਼ਨ ਵੀ ਹੈ ਪਰ ਇਸ ਦੇ ਬਾਵਜੂਦ ਸ਼ਰੇਆਮ ਇਕ ਅੱਧਖੜ੍ਹ ਉਮਰ ਦੇ ਸ਼ਖ਼ਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।
ਲੁੱਟ ਦੇ ਇਰਾਦੇ ਨਾਲ ਕਤਲ: ਮਾਮਲੇ ਵਿੱਚ ਸਥਾਨਕ ਪੁਲਿਸ ਦਾ ਕਹਿਣਾ ਹੈ ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਲੁੱਟ ਦੇ ਇਰਾਦੇ ਨਾਲ ਇਹ ਕਤਲ ਕੀਤਾ ਗਿਆ ਹੈ। ਜਦੋਂ ਮੁਲਜ਼ਮਾਂ ਨੇ ਆ ਕੇ ਮਨਜੀਤ ਸਿੰਘ ਦੇ ਸਕੂਟਰ ਨੂੰ ਟੱਕਰ ਮਾਰੀ ਤਾਂ ਮਨਜੀਤ ਸਿੰਘ ਨੇ ਇਸ ਦਾ ਵਿਰੋਧ ਕੀਤਾ ਅਤੇ ਉਸ ਨੇ ਹੱਥੋਪਾਈ ਵੀ ਕੀਤੀ। ਇਸ ਤੋਂ ਬਾਅਦ ਹਮਲਾਵਰਾਂ ਨੇ ਬਚ ਕੇ ਨਿਕਲਣ ਤੇਜ਼ਧਾਰ ਹਥਿਆਰਾਂ ਨਾਲ ਉਸ ਉੱਤੇ ਹਮਲਾ ਕਰ ਦਿੱਤਾ ਜਿਸ ਨਾਲ ਉਹ ਲਹੂ-ਲੁਹਾਣ ਹੋ ਗਿਆ। ਇਸ ਤੋਂ ਬਾਅਦ ਗੰਭੀਰ ਜ਼ਖ਼ਮੀ ਹੋਣ ਕਾਰਣ ਉਸ ਨੇ ਦਮ ਤੋੜ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪਹਿਚਾਣ ਲਈ ਇਲਾਕੇ ਦੀਆਂ ਸੀਸੀਟੀਵੀ ਤਸਵੀਰਾਂ ਨੂੰ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਤੇ ਅਣਪਛਾਤੇ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: Papalpreet Revealed About Amritpal: ਗ੍ਰਿਫਤਾਰੀ ਤੋਂ ਬਾਅਦ ਪਪਲਪ੍ਰੀਤ ਦਾ ਖੁਲਾਸਾ, ਕਿਵੇਂ ਹੋਏ ਫ਼ਰਾਰ ਤੇ ਅੰਮ੍ਰਿਤਪਾਲ ਹੁਣ ਕਿੱਥੇ !