ਲੁਧਿਆਣਾ: ਸ਼ਹਿਰ ਦੇ ਲੁਹਾਰਾ ਦੀ ਸੁੰਦਰ ਨਗਰ ਕਲੋਨੀ ਵਿੱਚ ਰਹਿਣ ਵਾਲੀ 46 ਸਾਲ ਦੀ ਰਜਨੀ ਸਾਥੀ ਅੱਜ-ਕੱਲ ਆਪਣੇ 18 ਸਾਲ ਦੇ ਪੁੱਤਰ ਦੀਪਕ ਸਾਥੀ ਦੇ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਓਪਨ ਸਕੂਲ ਕੈਟੇਗਰੀ ਵਿੱਚ 12ਵੀਂ ਜਮਾਤ ਦੀ ਪ੍ਰੀਖਿਆ ਦੇ ਰਹੀ ਹੈ।
ਉਸਨੇ 31 ਸਾਲ ਪਹਿਲਾਂ ਤਰਨ ਤਾਰਨ ਦੇ ਆਰੀਆ ਗਰਲਜ਼ ਹਾਈ ਸਕੂਲ ਤੋਂ ਨੌਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ, ਪਰ ਪਾਰਿਵਾਰਕ ਪਰੇਸ਼ਾਨੀ ਕਾਰਨ ਉਹ ਆਪਣੀ ਪੜ੍ਹਾਈ ਅੱਗੇ ਜਾਰੀ ਨਹੀਂ ਰੱਖ ਸਕੀ ਸੀ। ਹੁਣ ਪਤੀ ਰਾਜਕੁਮਾਰ ਸਾਥੀ ਦੀ ਪ੍ਰੇਰਣਾ ਸਦਕਾ ਉਸਨੇ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ ਹੈ।
ਰਜਨੀ ਦੇ ਦੱਸਿਆ ਕਿ ਉਹ ਪੜਨਾ ਚਾਹੁੰਦੀ ਸੀ। 9ਵੀਂ ਪਾਸ ਕਰਕੇ ਉਹ 1989 ਵਿੱਚ ਦਸਵੀਂ ਵਿੱਚ ਪਹੁੰਚੀ ਪਰ ਉਸਨੂੰ ਪਰਿਵਾਰਕ ਪਰੇਸ਼ਾਨੀ ਕਰਕੇ ਪੜ੍ਹਾਈ ਅੱਧ-ਵਿਚਾਲੇ ਹੀ ਛੱਡਣੀ ਪਈ। ਰਜਨੀ ਦੀਆਂ ਦੋ ਧੀਆਂ ਗ੍ਰੈਜੁਏਸ਼ਨ ਪੂਰੀ ਕਰ ਚੁੱਕੀਆਂ ਹਨ ਅਤੇ ਪੁੱਤਰ ਦੀਪਕ ਸਾਥੀ ਉਸ ਦੇ ਨਾਲ ਹੀ 12ਵੀਂ ਦੀ ਪ੍ਰੀਖਿਆ ਦੇ ਰਿਹਾ ਹੈ।
ਉਹ ਦੱਸਦੀ ਹੈ ਕਿ ਪਤੀ ਰਾਜ ਕੁਮਾਰ ਸਾਥੀ ਪਿਛਲੇ ਕਈ ਸਾਲਾਂ ਤੋ ਉਸਨੂੰ ਅੱਗੇ ਪੜਨ ਲਈ ਪ੍ਰੇਰਿਤ ਕਰ ਰਹੇ ਸਨ, ਪਰ ਵੱਡੀ ਉਮਰ ਦੇ ਕਾਰਣ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ ਪੜ੍ਹਾਈ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਨਹੀਂ ਲੈ ਪਾ ਰਹੀ ਸੀ। ਦੋ ਸਾਲ ਪਹਿਲਾਂ ਸਾਲ 2018 ਵਿੱਚ ਜਦੋਂ ਕੋਸ਼ਿਸ਼ ਕਰਨ ਉੱਤੇ ਉਸ ਨੇ ਦਸਵੀਂ ਦੀ ਪ੍ਰੀਖਿਆ ਪਾਸ ਕਰ ਲਈ ਤਾਂ ਉਸਦਾ ਝਾਕਾ ਖੁੱਲ੍ਹ ਗਿਆ ਤੇ ਅੱਜ ਉਹ ਆਪਣੇ ਪੁੱਤਰ ਨਾਲ ਹੀ 12ਵੀਂ ਦੀ ਪ੍ਰੀਖਿਆ ਦੇ ਰਹੀ ਹੈ। ਰਜਨੀ ਨੇ ਹੋਰਨਾਂ ਔਰਤਾਂ ਨੂੰ ਵੀ ਪੜ੍ਹਨ ਲਈ ਪ੍ਰੇਰਿਤ ਕੀਤਾ।
ਦੂਜੇ ਪਾਸੇ ਰਜਨੀ ਦੇ ਪੁੱਤਰ ਦੀਪਕ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਮਾਤਾ ਨੇ ਦਸਵੀਂ ਦੀ ਪ੍ਰੀਖਿਆ ਵੀ ਉਸ ਦੇ ਨਾਲ ਹੀ ਦਿੱਤੀ ਸੀ ਅਤੇ ਉਹ ਦੋਵੇਂ ਹੀ ਇਕੱਠੇ ਪਾਸ ਹੋਏ ਸਨ ਅਤੇ ਹੁਣ ਮੁੜ ਤੋਂ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਉਹ ਆਪਣੀ ਮਾਤਾ ਦੇ ਨਾਲ ਦੇ ਰਿਹਾ ਹੈ ਤੇ ਪੜ੍ਹਾਈ ਵਿੱਚ ਵੀ ਉਹ ਇੱਕ ਦੂਜੇ ਦੀ ਮਦਦ ਕਰਦੇ ਹਨ।