ਲੁਧਿਆਣਾ: ਕੋਰੋਨਾ ਵਾਇਰਸ ਕਾਰਨ ਦੇਸ਼ ਪੂਰੀ ਤਰ੍ਹਾਂ ਲੌਕਡਾਊਨ ਹੈ ਅਤੇ ਸਰਕਾਰ ਲੋੜਵੰਦ ਲੋਕਾਂ ਤੱਕ ਪੂਰੀ ਮਦਦ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਲੁਧਿਆਣਾ ਦੇ ਮਜ਼ਦੂਰ ਫੈਕਟਰੀਆਂ ਅਤੇ ਕੰਮਕਾਰ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਹੁਣ ਮੁਸ਼ਕਲ ਹਾਲਾਤਾਂ ਤੋਂ ਲੰਘ ਰਹੇ ਹਨ ਅਤੇ ਇੱਕ ਸਮੇਂ ਦੀ ਰੋਟੀ ਤੋਂ ਵੀ ਵਾਂਝੇ ਹਨ। ਆਰਥਿਕ ਪੱਖੋਂ ਕਮਜ਼ੋਰ ਮਜ਼ਦੂਰ ਬਿਨ੍ਹਾਂ ਕਿਸੇ ਸਹੂਲਤ ਕਾਰਨ ਭੁੱਖੇ ਰਹਿਣ ਲਈ ਮਜਬੂਰ ਹੋ ਗਏ ਹਨ।
ਮਹਿਜ਼ ਅੱਠ ਫੁੱਟ ਚੌੜੇ ਇੱਕ ਕਮਰੇ ਵਿੱਚ ਸਮਾਜਕ ਦੂਰੀ ਦੀ ਖਿੱਲੀ ਉਡਾਉਂਦਿਆਂ ਪੰਜ ਤੋਂ ਸੱਤ ਲੋਕ ਰਹਿ ਰਹੇ ਹਨ। ਦਿਹਾੜੀਦਾਰਾਂ ਮਜ਼ਦੂਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਜੇਲ੍ਹ ਵਰਗੀ ਜ਼ਿੰਦਗੀ ਬਤੀਤ ਕਰਨ ਨੂੰ ਮਜਬੂਰ ਹੋ ਰਹੇ ਹਨ। ਆਪਣਾ ਦਰਦ ਬਿਆਨ ਕਰਦਿਆਂ ਇਨ੍ਹਾਂ ਲੋਕਾਂ ਨੇ ਦੱਸਿਆ ਕਿ ਜਿੱਥੇ ਉਹ ਕੰਮ ਕਰਦੇ ਸਨ ਉਹ ਫੈਕਟਰੀਆਂ ਬੰਦ ਹੋ ਚੁੱਕੀਆਂ ਨੇ ਅਤੇ ਹੁਣ ਉਨ੍ਹਾਂ ਨੂੰ ਨਾ ਤਾਂ ਤਨਖਾਹ ਮਿਲ ਰਹੀ ਹੈ ਅਤੇ ਨਾ ਹੀ ਉਹ ਵਾਪਿਸ ਆਪਣੇ ਸੂਬੇ ਚ ਪਰਤ ਸਕਦੇ ਹਨ, ਕਿਉਂਕਿ ਟਰੇਨਾਂ ਅਤੇ ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ।
ਕੰਗਣਵਾਲ ਇਲਾਕਾ ਯੂਪੀ ਦੇ ਜਾਂ ਬਿਹਾਰ ਦੇ ਕਿਸੇ ਪਿੰਡ ਵਰਗਾ ਹੀ ਜਾਪਦਾ ਹੈ, ਜਿੱਥੇ ਵੱਡੀ ਤਦਾਦ ਚ ਲੋਕ ਛੋਟੇ-ਛੋਟੇ ਕਮਰਿਆਂ ਵਿੱਚ ਰਹਿੰਦੇ ਹਨ। ਵੱਡੇ ਵੱਡੇ ਦਾਅਵੇ ਕਰਨ ਵਾਲਾ ਪ੍ਰਸ਼ਾਸਨ ਇੱਥੇ ਆ ਕੇ ਫੇਲ੍ਹ ਹੋ ਜਾਂਦਾ ਹੈ ਕਿਉਂਕਿ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਇਹ ਜਾਪਦਾ ਹੈ ਕਿ ਪ੍ਰਸ਼ਾਸਨ ਦੀ ਜਿਵੇਂ ਇਸ ਇਲਾਕੇ ਤੱਕ ਪਹੁੰਚ ਹੀ ਨਾ ਹੋਈ ਹੋਵੇ।
ਇਨ੍ਹਾਂ ਮਜ਼ਦੂਰਾਂ ਦੀ ਸੇਵਾ ਕਰਦੀ ਸਮਾਜ ਸੇਵੀ ਸੰਸਥਾ ਵੀ ਖੁਦ ਪਰਵਾਸੀ ਮਜ਼ਦੂਰ ਹੀ ਹਨ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇੱਥੇ ਹਾਲਾਤ ਬਦ ਤੋਂ ਬੱਤਰ ਹੁੰਦੇ ਜਾ ਰਹੇ ਹਨ ਪਰ ਪ੍ਰਸ਼ਾਸਨ ਇਨ੍ਹਾਂ ਦੀ ਸਾਰ ਲੈਂਦੀ ਨਜ਼ਰ ਨਹੀਂ ਆ ਰਹੀ।
ਦੂਸਰੇ ਪਾਸੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਇਨ੍ਹਾਂ ਲੋਕਾਂ ਲਈ ਪ੍ਰਸ਼ਾਸਨ ਵੱਲੋਂ ਸ਼ੈਲਟਰ ਹੋਮ ਬਣਾਏ ਗਏ ਹਨ ਪਰ ਇਹ ਉੱਥੇ ਰਹਿਣਾ ਪਸੰਦ ਨਹੀਂ ਕਰਦੇ। ਇਹ ਆਪਣੇ ਇਲਾਕੇ ਵਿੱਚ ਹੀ ਰਹਿੰਦੇ ਹਨ ਅਤੇ ਉੱਥੋਂ ਨਿਕਲਣਾ ਨਹੀਂ ਚਾਹੁੰਦੇ। ਉੱਥੇ ਹੀ ਲੁਧਿਆਣਾ ਤੋਂ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਕਿ ਉਨ੍ਹਾਂ ਪਰਵਾਸੀ ਮਜ਼ਦੂਰਾਂ ਦੀ ਮਦਦ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਤੱਕ ਰਾਸ਼ਨ ਆਦਿ ਵੀ ਪਹੁੰਚਾਇਆਂ ਜਾ ਰਿਹਾ ਹੈ।