ਲੁਧਿਆਣਾ: ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਛੋਟੇ ਬੱਚਿਆਂ ਨੂੰ ਖਾਣਾ ਬਣਾ ਕੇ ਦੇਣ ਵਾਲੇ ਮਿਡ ਡੇ ਮੀਲ ਵਰਕਰਾਂ ਵੱਲੋਂ ਅੱਜ ਆਪਣੀਆ ਮੰਗਾਂ ਨੂੰ ਲੈ ਕੇ ਲੁਧਿਆਣਾ ਦੇ ਸਿੱਖਿਆ ਅਫਸਰ ਨੂੰ ਰੋਸ ਮੰਗ-ਪੱਤਰ ਸੌਂਪਿਆ ਗਿਆ। ਆਪਣੀਆਂ ਮੰਗਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਖਾਣਾ ਬਣਾਉਣ ਵਾਲਿਆਂ ਤੋਂ ਸਕੂਲ ਦੀ ਸਫਾਈ, ਸਕੂਲ ਦੇ ਕਮਰਿਆਂ ਨੂੰ ਜੰਦਰੇ ਲਗਾਉਣ ਦਾ ਕੰਮ ਆਦਿ ਕਰਵਾਏ ਜਾਂਦੇ ਹਨ। ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ।
ਮੰਗਾਂ ਬਾਰੇ ਪਾਇਆ ਚਾਨਣਾ: ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਦੀ ਗਿਣਤੀ ਘਟਦੀ ਹੈ ਤਾਂ ਮਿਡ-ਡੇ-ਮੀਲ ਤਿਆਰ ਕਰਨ ਵਾਲੇ ਵਰਕਰਾਂ ਨੂੰ ਕੱਢ ਦਿਤਾ ਜਾਂਦਾ ਹੈ ਜੋ ਕਿ ਨਾਇਨਸਾਫੀ ਹੈ। ਇਸ ਤੋਂ ਇਲਾਵਾ ਆਯੂਸ਼ਮਾਨ ਕਾਰਡ ਦਾ ਫਾਇਦਾ ਉਨ੍ਹਾਂ ਨੂੰ ਪਹੁੰਚਾਉਣ ਦੇ ਹੁਕਮ ਜਾਰੀ ਕੀਤੇ ਜਾਣ। ਉਨ੍ਹਾਂ ਆਪਣੀਆਂ ਛੁੱਟੀਆਂ ਨੂੰ ਲੈ ਕੇ ਵੀ ਕਈ ਮੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਸਾਲ ਵਿੱਚ 12 ਛੁੱਟੀਆਂ ਉਨ੍ਹਾਂ ਨੂੰ ਦਿੱਤੀਆਂ ਜਾਣ ਅਤੇ ਜਣੇਪੇ ਦੇ ਦੌਰਾਨ 3 ਮਹੀਨੇ ਪਹਿਲਾਂ ਅਤੇ ਤਿੰਨ ਮਹੀਨੇ ਬਾਅਦ ਦੀ ਤਨਖਾਹ ਵੀ ਉਨ੍ਹਾਂ ਨੂੰ ਦਿੱਤੀ ਜਾਵੇ। ਬੱਚਿਆਂ ਦੀ ਗਿਣਤੀ ਜੇਕਰ ਵਧਦੀ ਹੈ ਤਾਂ ਨਿਯਮਾਂ ਮੁਤਾਬਕ ਭੱਤੇ ਵੀ ਵਧਾਏ ਜਾਣ । ਖਾਲੀ ਕਾਗਜ਼ ਉੱਤੇ ਧੱਕੇ ਨਾਲ ਉਨ੍ਹਾਂ ਦੇ ਦਸਤਖਤ ਨਾ ਕਰਵਾਏ ਜਾਣ। ਲੜਾਈ ਝਗੜੇ ਵਾਲੇ ਕੁੱਕ ਦੀ ਪਹਿਲਾਂ ਹੀ ਪੁਲਸ ਇੰਨਕੁਆਰੀ ਕਰਾਈ ਜਾਵੇ।
ਪ੍ਰਿੰਸੀਪਲ ਕਰਦੇ ਨੇ ਮਨਮਰਜ਼ੀਆਂ: ਇਸ ਮੌਕੇ ਮਿਡ ਡੇ ਮੀਲ ਦੇ ਸੂਬਾ ਪ੍ਰਧਾਨ ਕਰਮ ਚੰਦ ਨੇ ਕਿਹਾ ਕਿ ਸਾਡੇ ਕੁੱਕ ਬੱਚਿਆਂ ਲਈ ਖਾਣਾ ਬਣਾਉਦੇ ਹਨ ਅਤੇ ਉਨ੍ਹਾਂ ਨੂੰ ਤਨਖ਼ਾਹ ਦੇ ਨਾਂ ਉੱਤੇ ਕੁੱਝ ਰੁਪਏ ਹੀ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਤਨਖਾਹਾਂ ਦਾ ਮਸਲਾ ਉਹ ਪੰਜਾਬ ਦੇ ਸਿੱਖਿਆ ਮੰਤਰੀ ਅੱਗੇ ਚੁੱਕਣਗੇ ਪਰ ਜ਼ਿਲ੍ਹਾ ਸਿੱਖਿਆ ਅਫਸਰ ਜਿੰਨੇ ਹੁਕਮ ਸਕੂਲਾਂ ਨੂੰ ਜਾਰੀ ਕਰਦੇ ਹਨ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ। ਸਕੂਲ ਦੇ ਪ੍ਰਿੰਸੀਪਲ ਆਪਣੀਆਂ ਮਨਮਾਨੀਆਂ ਕਰਦੇ ਹਨ, ਜਿਸ ਦਾ ਖ਼ਾਮਿਆਜ਼ਾ ਖਾਣਾ ਬਣਾਉਣ ਵਾਲੇ ਕੁੱਕ ਨੂੰ ਭੁਗਤਣਾ ਪੈਂਦਾ ਹੈ।
ਮੰਗਾਂ ਮੰਨਣ ਦਾ ਦਿਵਾਇਆ ਭਰੋਸਾ: ਮੰਗਾਂ ਸਬੰਧੀ ਲੁਧਿਆਣਾ ਦੇ ਪ੍ਰਾਇਮਰੀ ਸਿੱਖਿਆ ਅਫਸਰ ਨੇ ਕਿਹਾ ਕਿ ਵਿਭਾਗ ਵੱਲੋਂ ਪਹਿਲਾਂ ਹੀ ਜ਼ਿਆਦਾਤਰ ਮੰਗਾਂ ਸਬੰਧੀ ਨੋਟਿਸ ਜਾਰੀ ਕਰ ਦਿਤਾ ਗਿਆ ਹੈ ਅਤੇ ਉਹ ਲਾਗੂ ਕਿਉਂ ਨਹੀਂ ਹੋਇਆ ਉਸ ਸਬੰਧੀ ਉਹ ਲੈਟਰ ਜਾਰੀ ਕਰਨਗੇ । ਉਨ੍ਹਾਂ ਨੇ ਕਿਹਾ ਕਿ ਮਿਡ ਡੇ ਮੀਲ ਵਰਕਰ ਨਿਗੁਣੀਆਂ ਤਨਖਾਹਾਂ ਉੱਤੇ ਕੰਮ ਕਰਦੇ ਨੇ ਅਤੇ ਬੱਚਿਆਂ ਲਈ ਸੰਤੁਲਿਤ ਖਾਣਾ ਵੀ ਬਣਾਉਂਦੇ ਨੇ। ਸਿੱਖਿਆ ਅਫ਼ਸਰ ਨੇ ਕਿਹਾ ਕਿ ਉਨ੍ਹਾਂ ਦੀਆਂ ਕੁਝ ਮੰਗਾਂ ਪਹਿਲਾਂ ਹੀ ਪ੍ਰਵਾਨ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਵਰਕਰਾਂ ਦੀਆਂ ਬਾਕੀ ਮੰਗ ਨੂੰ ਵੀ ਜਲਦ ਪੂਰਾ ਕਰ ਦਿੱਤਾ ਜਾਵੇਗਾ।