ਖੰਨਾ: ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਨੇ ਅੱਜ ਕੁੱਝ ਵਰਕਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਕਾਂਗਰਸੀ ਵਰਕਰਾਂ ਅਤੇ ਲੀਡਰਾਂ ਉੱਤੇ ਦੋਸ਼ ਲਗਾਇਆ ਹੈ ਕਿ ਕਾਂਗਰਸ ਦੀ ਹਾਈ ਕਮਾਨ ਇੱਕ ਦਲਿਤ ਆਗੂ ਦਾ ਹੀ ਵਿਰੋਧ ਕਰ ਰਹੀ ਹੈ ਜਦਕਿ ਪ੍ਰਤਾਪ ਸਿੰਘ ਬਾਜਵਾ ਨੇ ਵੀ ਸ਼ਰਾਬ ਮਾਫੀਆਂ ਉੱਤੇ ਸਵਾਲ ਚੁੱਕੇ ਸਨ ਉਨ੍ਹਾਂ ਦਾ ਵਿਰੋਧ ਨਹੀਂ ਹੋ ਰਿਹਾ।
ਸਮਾਜ ਸੇਵੀ ਗੁਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਜੋ ਜ਼ਹਿਰੀਲੀ ਸ਼ਰਾਬ ਨਾਲ ਤਰਾਸਦੀ ਹੋਈ ਹੈ ਉਸ ਉੱਤੇ ਹਰ ਵਰਗ ਦੇ ਲੀਡਰ ਸਰਗਰਮ ਹੋ ਕੇ ਬੋਲ ਰਹੇ ਹਨ। ਇਸੇ ਲੜੀ ਤਹਿਤ ਰਾਜ ਸਭਾ ਦੇ ਮੈਂਬਰ ਸੀਨੀਅਰ ਦਲਿਤ ਆਗੂ ਸ਼ਮਸ਼ੇਰ ਸਿੰਘ ਦੂਲੋਂ ਵੀ ਬੋਲੇ ਹਨ। ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਮਲੇ ਉੱਤੇ ਰਾਜਪਾਲ ਨੂੰ ਸੀਬੀਆਈ ਜਾਂਚ ਦਾ ਮੰਗ ਪੱਤਰ ਵੀ ਦਿੱਤਾ ਹੈ ਪਰ ਯੂਥ ਕਾਂਗਰਸ ਵੱਲੋਂ ਹਲਕਾ ਵਿਧਾਇਕ ਪਾਇਲ ਅਤੇ ਖੰਨਾ ਦੇ ਇਸ਼ਾਰੇ ਉੱਤੇ ਕਾਂਗਰਸ ਪਾਰਟੀ ਦੇ ਸੀਨੀਅਰ ਦਲਿਤ ਆਗੂ ਸ਼ਮਸ਼ੇਰ ਸਿੰਘ ਦੂਲੋਂ ਦੀ ਜ਼ਬਾਨ ਬੰਦ ਕਰਨ ਲਈ ਉਨ੍ਹਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਦਲਿਤ ਵਰਗ ਦਾ ਲੀਡਰ ਸੱਚ ਬੋਲਦਾ ਹੈ ਤਾਂ ਉੱਚ ਵਰਗ ਦੇ ਲੀਡਰ ਉਨ੍ਹਾਂ ਨੂੰ ਦਬਾਉਂਦੇ ਹਨ।
ਉਨ੍ਹਾਂ ਨੇ ਦਲਿਤ ਵਰਗ ਦੇ ਸਮਾਜ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਸਮਾਜ ਨੂੰ ਬਚਾਉਣ ਲਈ ਇਕਜੁੱਟ ਹੋਣ, ਤਾਂ ਜੋ ਉੱਚ ਵਰਗ ਦੇ ਲੋਕ ਉਨ੍ਹਾਂ ਨੂੰ ਦਬਾ ਨਾ ਸਕਣ।
ਇਹ ਵੀ ਪੜ੍ਹੋ:ਨਸ਼ਾ ਛੁਡਾਊ ਕੇਂਦਰ ਦੀ ਚੋਰੀ ਦਾ ਮਾਮਲਾ